Aug 5, 2026 5:56 PM - Connect Newsroom - Ramanpreet kaur with files from The Canadian Press

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
ਏਅਰਲਾਈਨ ਮੁਤਾਬਕ, ਬੁੱਧਵਾਰ ਨੂੰ ਉਨ੍ਹਾਂ ਦੀਆਂ ਸਾਰੀਆਂ ਨਿਰਧਾਰਤ ਉਡਾਣਾਂ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀਆਂ ਹਨ ਅਤੇ ਕੰਪਨੀ ਨੇ ਇਸ ਹਫ਼ਤੇ ਕੰਮਕਾਜ ਦੁਬਾਰਾ ਪਟੜੀ 'ਤੇ ਲਿਆਉਣ ਦੌਰਾਨ ਸਬਰ ਰੱਖਣ ਲਈ ਆਪਣੇ ਗਾਹਕਾਂ ਦਾ ਧੰਨਵਾਦ ਕੀਤਾ।ਹਵਾਬਾਜ਼ੀ ਨਾਲ ਜੁੜੇ ਡੇਟਾ ਦੀ ਵਿਸ਼ਲੇਸ਼ਕ ਕੰਪਨੀ Cirium ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸ਼ਨੀਵਾਰ ਤੋਂ ਮੰਗਲਵਾਰ ਦਰਮਿਆਨ 900 ਤੋਂ ਵੱਧ ਉਡਾਣਾਂ ਰੱਦ ਹੋਣ ਤੋਂ ਬਾਅਦ ਬੁੱਧਵਾਰ ਨੂੰ ਵੈਸਟਜੈੱਟ ਦੀ ਇੱਕ ਵੀ ਉਡਾਣ ਰੱਦ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਏਅਰਲਾਈਨ ਅਤੇ ਇਸ ਦੀ ਯੂਨੀਅਨ ਵਿਚਕਾਰ ਨਵਾਂ ਸਮਝੌਤਾ ਨਾ ਹੋਣ ਕਰਕੇ ਐਤਵਾਰ ਵੱਡੇ ਤੜਕੇ ਲਗਭਗ 4,400 ਫਲਾਈਟ ਅਟੈਂਡੈਂਟ ਹੜਤਾਲ 'ਤੇ ਚਲੇ ਗਏ ਸਨ ਪਰ ਸੋਮਵਾਰ ਤੜਕੇ ਦੋਵਾਂ ਧਿਰਾਂ ਇੱਕ ਅਸਥਾਈ ਸਮਝੌਤੇ 'ਤੇ ਪਹੁੰਚ ਗਈਆਂ ਸਨ। ਹਾਲਾਂਕਿ, ਵੈਸਟਜੈੱਟ ਨੇ ਆਪਣੇ ਗਾਹਕਾਂ ਨੂੰ ਰਾਹਤ ਦਿੰਦਿਆਂ ਬਿਨਾਂ ਕਿਸੇ ਵਾਧੂ ਫੀਸ ਦੇ ਆਪਣੀ ਯਾਤਰਾ ਯੋਜਨਾ ਵਿਚ ਇੱਕ ਵਾਰ ਬਦਲਾਅ ਕਰਨ ਜਾਂ ਫਲਾਈਟ ਰੱਦ ਕਰਨ ਦੀ ਸਮਾਂ-ਸੀਮਾ ਨੂੰ ਵੀ ਵੀਰਵਾਰ ਤੱਕ ਵਧਾ ਦਿੱਤਾ ਹੈ।




