May 16, 2022 5:17 PM -

ਪੰਜਾਬ ਦੀਆਂ 231 ਮੰਡੀਆਂ ਵਿਚ 31 ਮਈ ਤੱਕ ਕਣਕ ਦੀ ਖਰੀਦ ਜਾਰੀ ਰਹੇਗੀ। ਫੂਡ, ਸਿਵਲ ਸਪਲਾਈ ਤੇ ਕੰਜ਼ਿਊਮਰ ਅਫੇਅਰਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਹ ਹੁਕਮ ਦਿੱਤੇ ਹਨ।
ਪੰਜਾਬ ਦੇ ਸੂਚਨਾ ਤੇ ਜਨ ਸੰਪਰਕ ਵਿਭਾਗ ਨੇ ਕਿਹਾ ਕਿ ਹਾਲ ਹੀ ਵਿਚ ਕੇਂਦਰ ਵੱਲੋਂ ਕਣਕ ਦੀ ਬਰਾਮਦ 'ਤੇ ਲਾਈ ਗਈ ਪਾਬੰਦੀ ਦੇ ਨਤੀਜਿਆਂ ਦੀ ਸਮੀਖਿਆ ਕਰਨ ਮਗਰੋਂ ਸੂਬੇ ਵਿਚ ਕਣਕ ਦੀ ਖਰੀਦ ਦਾ ਕੰਮ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਖੁਰਾਕ ਮੰਤਰੀ ਨੇ ਇੱਕ ਬਿਆਨ ਵਿਚ ਕਿਹਾ ਕਿ ਬਰਾਮਦ 'ਤੇ ਰੋਕ ਨਾਲ ਕਣਕ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਦਾ ਖ਼ਦਸ਼ਾ ਹੈ, ਜਿਸ ਦੇ ਨਤੀਜੇ ਵਜੋਂ ਜਿਨ੍ਹਾਂ ਕੁਝ ਕਿਸਾਨਾਂ ਨੇ ਕਣਕ ਇਹ ਸੋਚ ਕੇ ਸਟੋਰ ਕੀਤੀ ਹੋਈ ਸੀ ਕਿ ਕੀਮਤਾਂ ਵਧਣ ਦੇ ਮੱਦੇਨਜ਼ਰ ਉਹ ਆਪਣੀ ਫ਼ਸਲ ਨੂੰ ਵੇਚਣਗੇ, ਹੁਣ ਉਹ ਵੀ ਸ਼ਾਇਦ ਇਸ ਨੂੰ ਵੇਚਣ ਦਾ ਮਨ ਬਣਾ ਸਕਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਸਰਕਾਰੀ ਖਰੀਦ ਦੀ ਸਹੂਲਤ ਜਾਰੀ ਰਹੇ ਅਤੇ ਕਿਸੇ ਵੀ ਕਿਸਾਨ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।




