May 22, 2020 2:32 AM -

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦਾ ਅੰਕੜਾ 81,000 ਤੋਂ ਟੱਪ ਗਿਆ ਹੈ। ਦੂਜੇ ਪਾਸੇ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ ਹੀ 6,000 ਤੋਂ ਪਾਰ ਹੋ ਗਈ ਹੈ। ਹੁਣ ਕੈਨੇਡਾ 'ਚ ਵਾਇਰਸ ਸੰਬੰਧੀ 81,324 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 6,152 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਬੀ.ਸੀ. 'ਚ ਪੀੜਤਾਂ ਦੀ ਗਿਣਤੀ 2,479 ਹੋ ਚੁੱਕੀ ਹੈ। ਬੀ.ਸੀ. 'ਚ ਇਸ ਵਾਇਰਸ ਕਾਰਨ 152 ਲੋਕਾਂ ਦੀ ਜਾਨ ਵੀ ਚਲੀ ਗਈ ਹੈ।
ਔਂਟੈਰੀਓ 'ਚ 18,509 ਵਾਇਰਸ ਪੀੜਤ ਕਰ ਚੁੱਕੇ ਰਿਕਵਰ
ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 24,187 ਤੱਕ ਪਹੁੰਚ ਚੁੱਕੀ ਹੈ। ਸੂਬੇ 'ਚ ਇਸ ਵਾਇਰਸ ਸੰਬੰਧੀ 413 ਹੋਰ ਮਾਮਲੇ ਉਜਾਗਰ ਹੋਣ ਬਾਰੇ ਦੱਸਿਆ ਗਿਆ ਹੈ। ਇਸ ਤੋਂ ਅਲਾਵਾ ਸੂਬੇ 'ਚ 31 ਹੋਰ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਚਲੀ ਗਈ ਹੈ। ਹੁਣ ਤੱਕ ਸੂਬੇ ਦੇ 1,993 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ। ਔਂਟੈਰੀਓ ਦੇ ਚੀਫ ਮੈਡੀਕਲ ਅਫਸਰ, ਡਾ. ਡੇਵਿਡ ਵਿਲੀਅਮਸ ਨੇ ਅੱਜ ਦੀ ਪ੍ਰੈਸ ਬ੍ਰੀਫਿੰਗ 'ਚ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਸੂਬੇ ਦੇ 18,509 ਮਾਮਲੇ ਸੁਲਝ ਗਏ ਹਨ।
ਕਿਊਬੈਕ 'ਚ 82 ਹੋਰ ਵਾਇਰਸ ਪੀੜਤਾਂ ਦੀ ਗਈ ਜਾਨ
ਕਿਊਬੈਕ 'ਚ ਐਲਾਨ ਕੀਤਾ ਗਿਆ ਹੈ ਕਿ ਸੂਬੇ 'ਚ ਬੱਚਿਆਂ ਦੇ ਡੇਅ-ਕੈਂਪ (day camps) ਨੂੰ 22 ਜੂਨ ਤੋਂ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਹਾਲਾਂਕਿ ਅਜਿਹਾ ਕਰਦੇ ਹੋਏ ਫਿਜ਼ੀਕਲ ਡਿਸਟੈਨਸਿੰਗ ਦਾ ਖਾਸ ਧਿਆਨ ਰੱਖਣ ਦੀ ਗੱਲ ਵੀ ਕਹੀ ਗਈ ਹੈ। ਪ੍ਰੀਮਿਅਰ ਫ੍ਰਾਂਸੂਆ ਲੈਗੌਲਟ ਨੇ ਅੱਜ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਪਾਂ ਦੇ ਵਿੱਚ ਬੱਚਿਆਂ ਦੇ ਛੋਟੇ ਇਕੱਠ ਦੀ ਇਜਾਜ਼ਤ ਦਿੱਤੀ ਜਾਵੇਗੀ। ਕਿਊਬੈਕ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 45,495 ਤੱਕ ਪਹੁੰਚ ਗਈ ਹੈ। ਸੂਬੇ 'ਚ 82 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਨਾਲ ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 3,800 ਹੋ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ 720 ਨਵੇਂ ਮਾਮਲੇ ਸਾਹਮਣੇ ਆਏ ਦੱਸੇ ਗਏ ਹਨ।
ਐਲਬਰਟਾ 'ਚ ਅੱਜ 33 ਮਾਮਲੇ ਹੋਏ ਰਿਪੋਰਟ
ਐਲਬਰਟਾ ਦੇ ਵਿੱਚ ਕੋਵਿਡ-19 ਦੇ 33 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਸੂਬੇ 'ਚ ਵਾਇਰਸ ਸੰਬੰਧੀ ਪੀੜਤਾਂ ਦੀ ਗਿਣਤੀ 6,768 ਤੱਕ ਪਹੁੰਚ ਗਈ ਹੈ। ਸੂਬੇ ਦੀ ਚੀਫ ਮੈਡੀਕਲ ਅਫਸਰ, ਡਾ. ਡੀਨਾ ਹਿੰਸ਼ਾ ਨੇ ਇਹ ਜਾਣਕਾਰੀਆਂ ਮੀਡੀਆ ਸਾਹਮਣੇ ਰੱਖੀਆਂ। ਉਨ੍ਹਾਂ ਦੱਸਿਆ ਕਿ ਐਲਬਰਟਾ 'ਚ 4 ਹੋਰ ਵਾਇਰਸ ਪੀੜਤਾਂ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 132 ਹੋ ਚੁੱਕੀ ਹੈ। ਡਾ. ਹਿੰਸ਼ਾ ਨੇ ਜਾਣਕਾਰੀ ਦਿੱਤੀ ਕਿ ਜਦ ਤੱਕ ਸੂਬੇ 'ਚ ਵਾਇਰਸ ਸੰਬੰਧੀ ਮਾਮਲੇ ਆਉਂਦੇ ਰਹਿਣਗੇ, ਉਸ ਵੇਲੇ ਤੱਕ ਮੌਤਾਂ ਦੇ ਅੰਕੜੇ 'ਚ ਵੀ ਵਾਧਾ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ 'ਚ ਘਾਟਾ ਲਿਆਉਣ ਲਈ ਜ਼ਰੂਰੀ ਹੈ ਕਿ ਲੌਂਗ-ਟਰਮ ਕੇਅਰ ਹੋਮਜ਼ 'ਚ ਵਾਇਰਸ ਦੇ ਪ੍ਰਭਾਵ ਨੂੰ ਘਟਾਇਆ ਜਾਵੇ।
ਬਾਕੀ ਸੂਬਿਆਂ ਦਾ ਹਾਲ
ਸਸਕੈਚਵਿਨ ਵਿੱਚ 622, ਮੈਨੀਟੋਬਾ 'ਚ 290, ਨਿਊ ਬਰੰਸਵਿਕ 'ਚ 121, ਨੋਵਾ ਸਕੌਸ਼ੀਆ 'ਚ 1,046, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 260 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 6,152 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 41,728 ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।




