Nov 7, 2025 6:41 PM - Connect Newsroom - Jasmine Singh with files from The Canadian Press

ਕਿਊਬੈਕ ਵਿਚ ਔਨਲਾਈਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਇੱਕ ਲਾਰਜ-ਸਕੇਲ ਪੁਲਿਸ ਓਪ੍ਰੇਸ਼ਨ ਦੇ ਨਤੀਜੇ ਵਜੋਂ ਪੂਰੇ ਸੂਬੇ ਵਿਚ 22 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਬਾਈ ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਅਨਾਊਂਸ ਕੀਤਾ।
ਸ਼ੱਕੀਆਂ ਦੀ ਉਮਰ 18 ਤੋਂ 70 ਸਾਲ ਵਿਚਕਾਰ ਹੈ, ਸੂਬਾਈ ਪੁਲਿਸ ਨੇ ਕਿਹਾ ਕਿ ਮਾਂਟਰੀਅਲ, ਲੋਂਗੂਇਲ ਅਤੇ ਲਾਵਲ ਤੇ ਕਿਊਬੈਕ ਸਿਟੀ ਪੁਲਿਸ ਦੇ ਸਹਿਯੋਗ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਹ ਓਪਰੇਸ਼ਨ 3 ਨਵੰਬਰ ਤੋਂ 7 ਨਵੰਬਰ ਵਿਚਕਾਰ ਹੋਇਆ, ਜਿਸ ਵਿਚ 150 ਤੋਂ ਵੱਧ ਪੁਲਿਸ ਅਧਿਕਾਰੀ ਸ਼ਾਮਲ ਸਨ।
ਪੁਲਿਸ ਨੇ ਕਿਹਾ ਕਿ 20 ਬੰਦੇ ਪਹਿਲਾਂ ਹੀ ਕੋਰਟ ਵਿਚ ਪੇਸ਼ ਹੋ ਚੁੱਕੇ ਹਨ, ਜੋ ਬਾਲ ਜਿਨਸੀ ਸ਼ੋਸ਼ਣ ਅਤੇ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਰੱਖਣ, ਉਨ੍ਹਾਂ ਦੀ ਔਨਲਾਈਨ ਡਿਸਟ੍ਰੀਬਿਊਸ਼ਨ, ਕਰਨ ਸਮੇਤ ਵੱਖ-ਵੱਖ ਚਾਰਜਾਂ ਦਾ ਸਾਹਮਣਾ ਕਰ ਰਹੇ ਹਨ।
ਕਿਊਬੈਕ ਪੁਲਿਸ ਦੀ ਇੰਟਰਨੈੱਟ 'ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਜਾਂਚ ਕਰਨ ਵਾਲੀ ਡਿਵੀਜ਼ਨ ਦੀ ਹੈੱਡ Lieutenant ਕੈਥਰੀਨ ਗੁਇਮੰਡ ਨੇ ਕਿਹਾ ਕਿ 26 ਥਾਵਾਂ 'ਤੇ ਸਰਚ ਵਾਰੰਟ ਐਗਜ਼ੀਕਿਊਟ ਕੀਤੇ ਗਏ ਸਨ, ਜਿਸ ਦੌਰਾਨ ਕੰਪਿਊਟਰ ਉਪਕਰਣ ਵੀ ਜ਼ਬਤ ਕੀਤੇ ਗਏ ਹਨ ਜਿਨ੍ਹਾਂ ਦਾ ਅੱਗੇ ਦੇ ਐਵੀਡੈਂਸ ਲਈ ਐਨਾਲਿਸਿਸ ਕੀਤਾ ਜਾਵੇਗਾ।




