Sep 10, 2026 3:34 PM - Connect Newsroom - Ramandeep Kaur

ਪ੍ਰਿੰਸ ਜਾਰਜ ਦੀ ਕੋਰਟ ਨੇ ਇੱਕ 70 ਸਾਲਾ ਬਜ਼ੁਰਗ ਨੂੰ ਆਪਣੀ ਪੋਤੀ ਨਾਲ sexual interference ਦੇ ਦੋਸ਼ ਵਿਚ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਸ਼ਹਿਰ ਦੀ ਬੀ.ਸੀ. ਸੁਪਰੀਮ ਕੋਰਟ ਵਲੋਂ ਪਿਛਲੇ ਹਫ਼ਤੇ ਸੁਣਾਇਆ ਗਿਆ। ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਨੇ 2016 ਤੋਂ 2021 ਵਿਚਕਾਰ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ, ਜਿਸ ਨਾਲ ਪੀੜਤ ਬੱਚੀ ਨੂੰ ਗੰਭੀਰ ਮਾਨਸਿਕ ਅਤੇ ਭਾਵਨਾਤਮਕ ਨੁਕਸਾਨ ਪਹੁੰਚਿਆ।
ਬੱਚੀ ਦੀ ਉਮਰ ਉਸ ਸਮੇਂ ਮਹਿਜ਼ 6-7 ਸਾਲ ਤੋਂ 11 ਸਾਲ ਵਿਚਕਾਰ ਸੀ। ਕੋਰਟ ਦੇ ਫੈਸਲੇ ਵਿਚ ਕਿਹਾ ਗਿਆ ਕਿ ਇਸ ਘਿਨੌਣੀ ਕਰਤੂਤ ਕਾਰਨ ਬੱਚੀ ਦੀ ਮਾਨਸਿਕ ਅਤੇ ਸਰੀਰਕ ਹਾਲਤ 'ਤੇ ਬਹੁਤ ਬੁਰਾ ਅਸਰ ਪਿਆ, ਜਿਸ ਕਾਰਨ ਉਹ ਪਿਛਲੇ ਪੰਜ ਸਾਲਾਂ ਤੋਂ ਸਕੂਲ ਨਹੀਂ ਜਾ ਸਕੀ। ਜੱਜ ਨੇ ਸਜ਼ਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਕਿ ਭਾਵੇਂ ਦੋਸ਼ੀ ਦੀ ਉਮਰ ਅਤੇ ਸਿਹਤ ਦਾ ਧਿਆਨ ਰੱਖਿਆ ਗਿਆ ਹੈ ਪਰ ਉਸ ਦਾ ਇਹ ਅਪਰਾਧ ਮਾਫ਼ੀ ਦੇ ਯੋਗ ਨਹੀਂ ਹੈ ਅਤੇ ਸਮਾਜ ਵਿਚ ਅਜਿਹੇ ਅਪਰਾਧੀਆਂ ਨੂੰ ਸਖ਼ਤ ਸੁਨੇਹਾ ਦੇਣ ਲਈ ਇਹ ਸਜ਼ਾ ਜ਼ਰੂਰੀ ਹੈ।
ਜੇਲ੍ਹ ਕੱਟਣ ਤੋਂ ਬਾਅਦ ਵੀ ਇਸ ਵਿਅਕਤੀ ਦਾ ਨਾਮ 20 ਸਾਲਾਂ ਲਈ Sex Offender ਰਜਿਸਟਰੀ ਵਿਚ ਰਹੇਗਾ ਅਤੇ ਅਗਲੇ 10 ਸਾਲਾਂ ਲਈ ਬੱਚਿਆਂ ਦੇ ਨਜ਼ਦੀਕ ਜਾਣ 'ਤੇ ਪਾਬੰਦੀ ਹੋਵੇਗੀ। ਪੀੜਤ ਬੱਚੀ ਦੀ ਪਛਾਣ ਨੂੰ ਗੁਪਤ ਰੱਖਣ ਲਈ ਕਾਨੂੰਨੀ ਤੌਰ 'ਤੇ ਦੋਸ਼ੀ ਦੇ ਨਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ।



