Oct 21, 2026 4:32 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਰੀਅਲ ਅਸਟੇਟ ਮਾਰਕਿਟ ਨੂੰ ਬੈਂਕ ਔਫ ਕੈਨੇਡਾ ਵਲੋਂ ਵਿਆਜ ਦਰਾਂ ਵਿਚ ਸੰਭਾਵੀ ਵਾਧੇ ਦਾ ਵੱਡਾ ਝਟਕਾ ਲੱਗ ਸਕਦਾ ਹੈ। ਮੌਰਗੇਜ ਅਤੇ ਕਰਜ਼ਾ ਮਾਹਰਾਂ ਨੇ ਘਰ ਖਰੀਦਦਾਰਾਂ ਦੇ ਪਿੱਛੇ ਹਟਣ ਅਤੇ ਨਤੀਜੇ ਵਜੋਂ ਕੀਮਤਾਂ ਡਿੱਗਣ ਦੀ ਸੰਭਾਵਨਾ ਜਤਾਈ ਹੈ। ਬੈਂਕ ਔਫ ਕੈਨੇਡਾ ਨੇ ਜੁਲਾਈ 2023 ਤੋਂ ਵਿਆਜ ਦਰਾਂ ਵਿਚ ਵਾਧਾ ਨਹੀਂ ਕੀਤਾ ਹੈ।
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਬੈਂਕ ਲਗਾਤਾਰ 8ਵੀਂ ਵਾਰ ਵੀ ਆਪਣੀ ਬੈਂਚਮਾਰਕ ਦਰ ਨੂੰ ਹੋਲਡ 'ਤੇ ਰੱਖ ਸਕਦਾ ਹੈ ਪਰ ਜ਼ਿਆਦਾਤਰ ਅਰਥਸ਼ਾਸਤਰੀ ਅਤੇ ਵਪਾਰੀਆਂ ਦਾ ਮੰਨਣਾ ਹੈ ਕਿ ਮਹਿੰਗਾਈ ਨੂੰ ਘੱਟ ਕਰਨ ਲਈ ਵਿਆਜ ਦਰਾਂ ਹੁਣ ਵਧਣ ਜਾ ਰਹੀਆਂ ਹਨ। ਅਕਤੂਬਰ 2025 ਵਿਚ ਬੈਂਕ ਔਫ ਕੈਨੇਡਾ ਵਲੋਂ ਕੀਤੀ ਗਈ 0.25 ਫੀਸਦੀ ਅੰਕ ਦੀ ਕਟੌਤੀ ਤੋਂ ਬਾਅਦ ਪੌਲਿਸੀ ਰੇਟ 2.25 'ਤੇ ਸਥਿਰ ਹੈ।
ਬਲੂਮਬਰਗ ਸਰਵੇ ਵਿਚ ਵਿਆਜ ਦਰਾਂ ਹੋਲਡ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਪਰ ਬੈਂਕ ਔਫ ਮਾਂਟਰੀਅਲ, RBC Dominion Securities ਅਤੇ Desjardins Group ਨੇ 28 ਅਕਤੂਬਰ ਲਈ ਆਪਣੇ ਅਨੁਮਾਨਾਂ ਨੂੰ ਹੋਲਡ ਤੋਂ ਬਦਲ ਕੇ ਹਾਈਕ ਕਰ ਦਿੱਤਾ ਹੈ। ਮਾਹਰਾਂ ਮੁਤਾਬਕ, ਕੈਨੇਡਾ ਵਿਚ ਘਰਾਂ ਦੀ ਵਿਕਰੀ ਦਾ ਮੌਜੂਦਾ ਪੱਧਰ ਪਹਿਲਾਂ ਹੀ 25 ਸਾਲਾਂ ਦੇ ਹੇਠਲੇ ਪੱਧਰ 'ਤੇ ਚੱਲ ਰਿਹਾ ਹੈ।



