Sep 21, 2026 4:22 PM - Connect Newsroom - Ramandeep Kaur with files from The Canadian Press

ਚਿਲੀਵੈਕ ਵਿਚ ਸ਼ਨੀਵਾਰ ਸਾਈਕਲ ਸਵਾਰ ਇੱਕ 80 ਸਾਲਾ ਬਜ਼ੁਰਗ ਮਹਿਲਾ ਦੀ ਹਿੱਟ-ਐਂਡ-ਰਨ ਹਾਦਸੇ ਕਾਰਨ ਮੌਤ ਹੋ ਗਈ। ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਸ਼ਾਮ ਲਗਭਗ 6 ਵਜੇ ਪੋਰਟੇਜ ਐਵੇਨਿਊ ਅਤੇ ਵੁੱਡਬਾਈਨ ਸਟ੍ਰੀਟ ਦੇ ਚੌਰਾਹੇ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਬਜ਼ੁਰਗ ਮਹਿਲਾ ਨੂੰ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚੇ ਫਸਟ ਰਿਸਪਾਂਡਰ ਨੇ ਮਹਿਲਾ ਨੂੰ ਬਹੇੱਦ ਗੰਭੀਰ ਹਾਲਤ ਵਿਚ ਪਾਇਆ, ਜਿਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ। ਚਿਲੀਵੈਕ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸ਼ੱਕੀ ਵਾਹਨ ਦੀ ਪਛਾਣ ਕਰਕੇ ਉਸ ਨੂੰ ਜ਼ਬਤ ਕਰ ਲਿਆ ਗਿਆ, ਜੋ ਕਿ ਇੱਕ ਗੂੜ੍ਹੇ ਲਾਲ ਰੰਗ ਦਾ ਸ਼ੇਵਰਲੇ ਸਿਲਵਰਾਡੋ ਕਰੂ ਕੈਬ ਟਰੱਕ ਸੀ।
ਪੁਲਿਸ ਨੇ ਕਾਰਵਾਈ ਕਰਦੇ ਹੋਏ ਡਰਾਈਵਰ ਨੂੰ ਵੀ ਗ੍ਰਿਫ਼ਤਾਰ ਕੀਤਾ ਪਰ ਅਗਲੇਰੀ ਜਾਂਚ ਪੈਂਡਿੰਗ ਹੋਣ ਕਾਰਨ ਉਸ ਨੂੰ ਫਿਲਹਾਲ ਰਿਹਾਅ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਮੁਤਾਬਕ ਇਸ ਹਾਦਸੇ ਵਿਚ ਸ਼ਰਾਬ ਜਾਂ ਨਸ਼ੇ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆਇਆ ਹੈ। ਇਸ ਘਟਨਾ ਦੀ ਤਹਿ ਤੱਕ ਜਾਣ ਲਈ ਜਾਂਚਕਰਤਾ ਡੈਸ਼-ਕੈਮ ਅਤੇ ਸੀ.ਸੀ.ਟੀ.ਵੀ. ਵੀਡੀਓ ਦੀ ਭਾਲ ਕਰ ਰਹੇ ਹਨ।




