Sep 22, 2026 7:21 PM - Connect Newsroom - Jasmine Singh with files from The Canadian Press

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
ਇਸ ਐਲਾਨ ਨਾਲ 26 ਸਤੰਬਰ ਨੂੰ ਹੋਣ ਵਾਲੀ ਐਬਟਸਫੋਰਡ-ਮਿਸ਼ਨ ਦੀ ਉਪ-ਚੋਣ ਵੀ ਰੱਦ ਹੋਵੇਗੀ ਕਿਉਂਕਿ ਹੁਣ ਇਹ ਸੀਟ ਵੀ ਸੂਬੇ ਦੀਆਂ ਆਮ ਚੋਣਾਂ ਦੇ ਨਾਲ ਹੀ ਵੋਟਿੰਗ ਪ੍ਰਕਿਰਿਆ ਵਿਚ ਸ਼ਾਮਲ ਹੋ ਰਹੀ ਹੈ। ਇਹ ਸੀਟ ਬੀ. ਸੀ. ਕੰਜ਼ਰਵੇਟਿਵ ਵਿਧਾਇਕ ਰੀਅਨ ਗੈਸਪਰ ਵਲੋਂ ਸਾਬਕਾ ਪਾਰਟੀ ਲੀਡਰ ਕੈਰੀ-ਲਿਨ ਫਿੰਡਲੇ ਦੇ ਚੋਣ ਲੜਨ ਲਈ ਖਾਲੀ ਕੀਤੀ ਗਈ ਸੀ।
ਗੌਰਤਲਬ ਹੈ ਕਿ ਬੀ. ਸੀ. ਵਿਚ ਵਿਧਾਨ ਸਭਾ ਦੀਆਂ 93 ਸੀਟਾਂ ਹਨ। ਪਿਛਲੀਆਂ 2024 ਦੀਆਂ ਚੋਣਾਂ ਵਿਚ ਈਬੀ ਦੀ ਅਗਵਾਈ ਵਿਚ ਬੀਸੀ ਐਨਡੀਪੀ ਨੇ 47 ਸੀਟਾਂ ਹਾਸਲ ਕੀਤੀਆਂ ਸਨ, ਜਦੋਂ ਕਿ ਬੀ.ਸੀ. ਕੰਜ਼ਰਵੇਟਿਵ 44 ਸੀਟਾਂ ਜਿੱਤ ਕੇ ਆਈ ਸੀ, ਜੋ ਪਾਰਟੀ ਵਿਚ ਧੜੇਬਾਜ਼ੀ ਕਾਰਨ 28 ਸੀਟਾਂ 'ਤੇ ਸਿਮਟ ਗਈ ਸੀ।




