May 18, 2022 5:30 PM - ANI

ਰਿਟਾਇਰਡ ਕਰਨਲ ਅਜੈ ਕੋਠਿਆਲ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਇਸ ਸਾਲ ਫਰਵਰੀ ਵਿਚ ਹੋਈਆਂ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਰਹੇ ਸਨ।
ਉਨ੍ਹਾਂ ਟਵਿੱਟਰ 'ਤੇ ਆਪਣਾ ਅਸਤੀਫਾ ਪੋਸਟ ਕਰਦੇ ਹੋਏ ਪਾਰਟੀ ਛੱਡਣ ਦੇ ਫੈਸਲੇ ਦਾ ਐਲਾਨ ਕੀਤਾ। ਅਜੈ ਕੋਠਿਆਲ ਨੇ 'ਆਪ' ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜੇ ਆਪਣੇ ਪੱਤਰ ਵਿਚ ਲਿਖਿਆ, ''ਮੈਂ 19 ਅਪ੍ਰੈਲ, 2021 ਤੋਂ 18 ਮਈ, 2022 ਤੱਕ ਆਮ ਆਦਮੀ ਪਾਰਟੀ ਦਾ ਮੈਂਬਰ ਰਿਹਾ ਹਾਂ। ਸਾਬਕਾ ਸੈਨਿਕਾਂ, ਸਾਬਕਾ ਨੀਮ-ਫੌਜੀ ਜਵਾਨਾਂ, ਬਜ਼ੁਰਗਾਂ, ਔਰਤਾਂ, ਨੌਜਵਾਨਾਂ ਅਤੇ ਬੁੱਧੀਜੀਵੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਮੈਂ 18 ਮਈ ਨੂੰ ਤੁਹਾਨੂੰ ਆਪਣਾ ਅਸਤੀਫਾ ਭੇਜ ਰਿਹਾ ਹਾਂ।''
ਗੌਰਤਲਬ ਹੈ ਕਿ ਇਸ ਸਾਲ ਹੋਈਆਂ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਨੇ ਉੱਤਰਾਖੰਡ ਵਿਚ ਸੱਤਾ ਵਿਚ ਵਾਪਸੀ ਕੀਤੀ ਹੈ। ਭਾਜਪਾ ਨੇ 70 ਸੀਟਾਂ ਵਾਲੀ ਵਿਧਾਨ ਸਭਾ ਵਿਚ 47 ਸੀਟਾਂ ਜਿੱਤੀਆਂ, ਜੋ ਬਹੁਮਤ ਤੋਂ 11 ਵੱਧ ਹਨ। ਭਾਰਤੀ ਚੋਣ ਕਮਿਸ਼ਨ ਅਨੁਸਾਰ, ਕਾਂਗਰਸ ਨੇ 19 ਸੀਟਾਂ ਜਿੱਤੀਆਂ, ਜਦੋਂ ਕਿ ਬਸਪਾ ਦੋ ਹਲਕਿਆਂ ਵਿਚ ਜਿੱਤ ਦਰਜ ਕਰ ਸਕੀ।




