Sep 1, 2026 6:50 PM - Connect Newsroom - Ramandeep Kaur

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਲਾਕੇ ਵਿਚ ਕੀਤੀ ਗਈ ਤਲਾਸ਼ੀ ਦੌਰਾਨ ਸ਼ੱਕੀ ਦਾ ਕੋਈ ਸੁਰਾਗ ਨਹੀਂ ਮਿਲਿਆ, ਹਾਲਾਂਕਿ ਪੁਲਿਸ ਨੂੰ ਪੀੜਤਾ ਦਾ ਫ਼ੋਨ ਨੇੜਿਓਂ ਹੀ ਬਰਾਮਦ ਹੋਇਆ। ਪੈਰਾਮੈਡਿਕਸ ਵੱਲੋਂ ਮਹਿਲਾ ਦੀ ਨੱਕ 'ਤੇ ਲੱਗੀਆਂ ਸੱਟਾਂ ਦਾ ਮੌਕੇ 'ਤੇ ਇਲਾਜ ਕੀਤਾ ਗਿਆ।
ਜਾਂਚ ਅਧਿਕਾਰੀ ਫਿਲਹਾਲ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਨਾਲ ਸਬੰਧਤ ਕੋਈ ਵੀਡੀਓ ਜਾਂ ਜਾਣਕਾਰੀ ਹੈ ਤਾਂ ਉਸ ਨੂੰ ਵੈਨਕੂਵਰ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।




