Sep 1, 2026 6:07 PM - Connect Newsroom - Ramandeep Kaur with files from The Canadian Press

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
ਪੁਲਿਸ ਨੇ ਇਸ ਸੁਧਾਰ ਦਾ ਸਿਹਰਾ ਸਥਾਨਕ ਭਾਈਚਾਰੇ ਅਤੇ ਵਪਾਰੀਆਂ ਨਾਲ ਮਿਲ ਕੇ ਕੀਤੇ ਗਏ ਸਾਂਝੇ ਯਤਨਾਂ ਨੂੰ ਦਿੱਤਾ ਹੈ, ਜਿਸ ਦੇ ਸਕਾਰਾਤਮਕ ਨਤੀਜੇ ਹੁਣ ਜ਼ਮੀਨੀ ਪੱਧਰ 'ਤੇ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਸਰੀ ਪੁਲਿਸ ਸਰਵਿਸ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਅਗਸਤ ਮਹੀਨੇ ਵਿਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਪਰ ਉਨ੍ਹਾਂ ਦੇ ਔਫੀਸਰ ਪੁਰਾਣੇ ਮਾਮਲਿਆਂ ਦੀ ਇਨਵੈਸਟੀਗੇਸ਼ਨ, ਕਾਨੂੰਨੀ ਕਾਰਵਾਈ ਅਤੇ ਅਜਿਹੇ ਅਪਰਾਧਾਂ ਨੂੰ ਭਵਿੱਖ ਵਿਚ ਰੋਕਣ ਲਈ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਐਸ.ਪੀ.ਐਸ.ਦੇ ਅੰਕੜਿਆਂ ਮੁਤਾਬਕ, ਜਨਵਰੀ ਵਿਚ ਜਬਰੀ ਵਸੂਲੀ ਦੀਆਂ ਧਮਕੀਆਂ ਦੇ 44 ਮਾਮਲੇ ਅਤੇ ਇਸ ਨਾਲ ਜੁੜੇ ਸ਼ੂਟਿੰਗ ਦੇ 10 ਮਾਮਲੇ ਵਾਪਰੇ ਸਨ, ਜੋ ਕਿ ਇਸ ਤੋਂ ਬਾਅਦ ਦੇ ਮਹੀਨਿਆਂ ਵਿਚ ਲਗਾਤਾਰ ਘਟੇ ਅਤੇ ਜੁਲਾਈ ਵਿਚ ਗੋਲੀਆਂ ਚਲਾਉਣ ਦੇ ਇੱਕ ਕੇਸ ਸਮੇਤ ਕੁੱਲ 8 ਮਾਮਲੇ ਹੀ ਦੇਖੇ ਗਏ ਅਤੇ ਅਗਸਤ ਵਿਚ ਅਜਿਹੀ ਕੋਈ ਵਾਰਦਾਤ ਨਹੀਂ ਵਾਪਰੀ ਹੈ।




