Sep 10, 2026 5:13 PM - Connect Newsroom - Ramandeep Kaur

ਐਬਟਸਫੋਰਡ ਵਿਚ ਜਾਰਜ ਫਰਗੂਸਨ ਵੇਅ ਅਤੇ ਗਲੈਡਿਸ ਐਵੇਨਿਊ ਦੇ ਇੰਟਰਸੈਕਸ਼ਨ 'ਤੇ ਇੱਕ ਮੋਟਰਸਾਈਕਲ ਅਤੇ ਐਸ.ਯੂ.ਵੀ. ਵਿਚਕਾਰ ਟੱਕਰ ਵਿਚ ਇੱਕ ਵਿਅਕਤੀ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ, ਜੋ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਪੁਲਿਸ ਮੁਤਾਬਕ, ਇਹ ਟੱਕਰ ਬੁੱਧਵਾਰ ਨੂੰ ਸ਼ਾਮ ਕਰੀਬ 4 ਵਜੇ ਹੋਈ, ਇਸ ਹਾਦਸੇ ਵਿਚ ਐਸ.ਯੂ.ਵੀ. ਦੇ ਡਰਾਈਵਰ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ ਅਤੇ ਉਸ ਵਲੋਂ ਜਾਂਚ ਵਿਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
ਐਬਟਸਫੋਰਡ ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਫਿਲਹਾਲ ਇਸ ਹਾਦਸੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਇਨਵੈਸਟੀਗੇਟਰਸ ਨੇ ਇਸ ਟੱਕਰ ਨਾਲ ਸਬੰਧਤ ਕੋਈ ਵੀ ਡੈਸ਼-ਕੈਮ ਵੀਡੀਓ ਹੋਣ 'ਤੇ ਤੁਰੰਤ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਉਥੇ ਹੀ, ਪੀੜਤ ਦੀ ਪਛਾਣ ਅਤੇ ਉਸ ਦੀ ਉਮਰ ਬਾਰੇ ਵੇਰਵੇ ਨਹੀਂ ਦਿੱਤੇ ਗਏ ਹਨ।




