Aug 15, 2025 1:24 PM - The Canadian Press

ਏਅਰ ਕੈਨੇਡਾ ਅਤੇ ਏਅਰ ਕੈਨੇਡਾ ਰੂਜ ਦੀਆਂ ਸਾਰੀਆਂ ਉਡਾਣਾਂ ਅੱਜ ਦੇਰ ਰਾਤ ਤੋਂ ਰੱਦ ਹੋ ਸਕਦੀਆਂ ਹਨ।
ਏਅਰਲਾਈਨ ਦੇ 10,000 ਤੋਂ ਵੱਧ ਫਲਾਈਟ ਅਟੈਂਡੈਂਟ ਔਟਵਾ ਦੇ ਸਮੇਂ ਮੁਤਾਬਕ, ਰਾਤ 1 ਵਜੇ ਯਾਨੀ ਸ਼ਨੀਵਾਰ ਤੜਕੇ ਦੇ ਆਸਪਾਸ ਅਸਥਾਈ ਤੌਰ ਤੇ ਕੰਮ ਛੱਡ ਸਕਦੇ ਹਨ। ਏਅਰ ਕੈਨੇਡਾ ਨੇ ਵੀ ਆਖਰੀ ਸਮੇਂ ਵਿਚ ਦੋਵੇਂ ਧਿਰਾਂ ਦੇ ਕਿਸੇ ਸਮਝੌਤੇ 'ਤੇ ਨਾ ਪਹੁੰਚਣ ਦੀ ਸੂਰਤ ਵਿਚ ਲਾਕ ਆਊਟ ਲਾਗੂ ਕਰਨ ਦੀ ਗੱਲ ਆਖੀ ਹੈ। ਏਅਰ ਕੈਨੇਡਾ ਨੇ ਕਿਹਾ ਕਿ ਕੰਮ ਰੁਕਣ ਦੀ ਸੰਭਾਵਨਾ ਕਾਰਨ ਅੱਜ ਉਡਾਣ ਭਰਨ ਵਾਲੀਆਂ ਲਗਭਗ 500 ਉਡਾਣਾਂ ਰੱਦ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਅਤੇ ਸ਼ਨੀਵਾਰ ਨੂੰ ਉਡਾਣਾਂ ਪੂਰੀ ਤਰ੍ਹਾਂ ਠੱਪ ਹੋਣ ਦੀ ਸੰਭਾਵਨਾ ਹੈ।
ਏਅਰਲਾਈਨ ਨੇ ਕਿਹਾ ਕਿ ਗਾਹਕਾਂ ਨੂੰ ਉਹਨਾਂ ਦੀ ਫਲਾਈਟ ਰੱਦ ਹੋਣ ਬਾਰੇ ਈ-ਮੇਲ ਅਤੇ ਟੈਕਸਟ ਮੈਸਜ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ। ਯੂਨੀਅਨ ਦਾ ਕਹਿਣਾ ਸੀ ਕਿ ਉਹ ਗੱਲਬਾਤ ਲਈ ਬੈਠ ਕੇ ਕੰਮ ਰੁਕਣ ਤੋਂ ਬਚਣਾ ਚਾਹੁੰਦੀ ਹੈ ਪਰ ਦੋਸ਼ ਲਗਾਇਆ ਕਿ ਏਅਰਲਾਈਨ ਨੇ ਇਸ ਦੀ ਬਜਾਏ ਫੈਡਰਲ ਸਰਕਾਰ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਤਾਂ ਜੋ ਮਸਲੇ ਨੂੰ ਆਰਬਿਟਰੇਸ਼ਨ ਦੇ ਮਾਧਿਅਮ ਦੇ ਜ਼ੋਰ ਨਾਲ ਹੱਲ ਕੀਤਾ ਜਾ ਸਕੇ।
ਗੌਰਤਲਬ ਹੈ ਕਿ ਏਅਰ ਕੈਨੇਡਾ ਦੇ ਅਧਿਕਾਰੀਆਂ ਨੇ ਬੀਤੇ ਕੱਲ ਕਿਹਾ ਸੀ ਸਾਰੀਆਂ ਉਡਾਣਾਂ ਰੱਦ ਹੋਣ ਨਾਲ ਹਜ਼ਾਰਾਂ ਕੈਨੇਡੀਅਨਜ਼ ਜੋ ਵਿਦੇਸ਼ ਵਿਚ ਹਨ ਉਹਨਾਂ 'ਤੇ ਵੀ ਅਸਰ ਪਵੇਗਾ।




