Nov 18, 2025 12:21 PM - Connect Newsroom - Jasmine Singh

ਐਲਬਰਟਾ ਸਰਕਾਰ ਨੇ ਡਰਾਈਵਰ ਲਾਈਸੈਂਸ ਅਤੇ ਪਛਾਣ ਪੱਤਰ ਵਿੱਚ ਹੈਲਥ ਕੇਅਰ ਨੰਬਰ ਅਤੇ ਸਿਟੀਜਨਸ਼ਿਪ ਮਾਰਕਰ ਸ਼ਾਮਲ ਕਰਨ ਲਈ ਸੋਮਵਾਰ ਸ਼ਾਮ ਵਿਧਾਨ ਸਭਾ ਵਿਚ ਬਿੱਲ ਪੇਸ਼ ਕਰ ਦਿੱਤਾ ਹੈ।ਇਸ ਬਿੱਲ ਦੇ ਪਾਸ ਹੋਣ 'ਤੇ ਹਰ ਕਾਰਡ 'ਤੇ ਇੱਕ ਛੋਟਾ ਜਿਹਾ ਕੋਡ ਜਾਂ ਮਾਰਕਰ ਹੋਵੇਗਾ ਜੋ ਇਹ ਦੱਸੇਗਾ ਕਿ ਕਾਰਡ ਧਾਰਕ ਕੈਨੇਡਾ ਦਾ ਨਾਗਰਿਕ ਹੈ ਜਾਂ ਨਹੀਂ।
ਸਰਵਿਸਸ ਐਲਬਰਟਾ ਤੇ ਰੈਡ ਟੇਪ ਰੀਡਕਸ਼ਨ ਦੇ ਮੰਤਰੀ ਡੇਲ ਨੈਲੀ ਦਾ ਕਹਿਣਾ ਹੈ ਕਿ ਇਸ ਨਾਲ ਐਲਬਰਟਾ ਵਾਸੀਆਂ ਲਈ ਸਰਕਾਰੀ ਸੇਵਾਵਾਂ ਤੱਕ ਪਹੁੰਚ ਕਰਨਾ ਬਹੁਤ ਸੌਖਾ ਹੋ ਜਾਵੇਗਾ। ਇਸ ਨਾਲ ਲੋਕਾਂ ਨੂੰ ਸਰਕਾਰੀ ਲਾਭ ਲਈ ਅਪਲਾਈ ਕਰਦੇ ਸਮੇਂ ਹਰ ਵਾਰ ਆਪਣੇ ਜਨਮ ਸਰਟੀਫਿਕੇਟ ਜਾਂ ਨਾਗਰਿਕਤਾ ਦੇ ਹੋਰ ਸਬੂਤ ਦਿਖਾਉਣ ਦੀ ਲੋੜ ਨਹੀਂ ਪਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਚੋਣ ਅਤੇ ਸਿਸਟਮ ਵਿੱਚ ਧੋਖਾਧੜੀ ਨੂੰ ਰੋਕਿਆ ਜਾ ਸਕੇਗਾ। ਉੱਥੇ ਹੀ,ਆਲੋਚਕਾਂ ਨੂੰ ਡਰ ਹੈ ਕਿ ਆਈ.ਡੀ.'ਤੇ ਨਾਗਰਿਕਤਾ ਦਾ ਮਾਰਕਰ ਹੋਣ ਨਾਲ ਗੈਰ-ਨਾਗਰਿਕ ਨਾਲ ਵਿਤਕਰਾ ਹੋ ਸਕਦਾ ਹੈ।ਜੇਕਰ ਇਹ ਬਿੱਲ ਵਿਧਾਨ ਸਭਾ ਵਿੱਚ ਪਾਸ ਹੋ ਜਾਂਦਾ ਹੈ,ਤਾਂ ਸਰਕਾਰ ਨੂੰ ਉਮੀਦ ਹੈ ਕਿ ਨਵੇਂ ਕਾਰਡ 2026 ਦੇ ਮਿਡ ਤੱਕ ਜਾਰੀ ਹੋਣੇ ਸ਼ੁਰੂ ਹੋ ਜਾਣਗੇ। ਸਮਿਥ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਲਾਈਸੈਂਸ ਅਤੇ ਪਛਾਣ ਪੱਤਰ ਅਪਡੇਟ ਕਰਵਾਉਣ ਲਈ ਐਲਬਰਟਾ ਵਾਸੀਆਂ ਨੂੰ ਕੋਈ ਵਾਧੂ ਫੀਸ ਨਹੀਂ ਦੇਣੀ ਪਵੇਗੀ।




