Oct 20, 2026 1:49 PM - Connect Newsroom - Ramandeep Kaur with files from The Canadian Press

ਐਲਬਰਟਾ ਵਿੱਚ ਰੈਫਰੈਂਡਮ ਲਈ ਹੋਈ ਵੋਟਿੰਗ ਵਿੱਚ ਸੂਬਾ ਵਾਸੀਆਂ ਨੇ ਕੈਨੇਡਾ ਤੋਂ ਵੱਖ ਹੋਣ ਦੇ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਰੱਦ ਕਰ ਦਿੱਤਾ ਹੈ। ਸ਼ੁਰੁਆਤੀ ਨਤੀਜਿਆਂ ਮੁਤਾਬਕ, ਲਗਭਗ 76 ਫੀਸਦੀ ਵੋਟਰਾਂ ਨੇ ਕੈਨੇਡਾ ਦੇ ਨਾਲ ਬਣੇ ਰਹਿਣ ਦੀ ਚੋਣ ਕੀਤੀ ਹੈ, ਜਦੋਂ ਕਿ ਸਿਰਫ਼ 24 ਫੀਸਦੀ ਲੋਕਾਂ ਨੇ ਹੀ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਸਮਰਥਨ ਕੀਤਾ।
ਇਸ ਇਤਿਹਾਸਕ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਐਲਬਰਟਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਇੱਕ ਯੂਨਾਈਟੇਡ ਅਤੇ ਮਜ਼ਬੂਤ ਕੈਨੇਡਾ ਦੀ ਜਿੱਤ ਦੱਸਿਆ ਹੈ। ਪੀ.ਐਮ. ਕਾਰਨੀ ਨੇ ਕਿਹਾ ਕਿ ਕੈਨੇਡਾ ਨਾਲ ਬਣੇ ਰਹਿਣ ਦੇ ਪੱਖ ਵਿੱਚ ਮਿਲੇ ਭਾਰੀ ਸਮਰਥਨ ਨੇ ਦੇਸ਼ ਵਿੱਚ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਐਲਬਰਟਾ ਦੇ ਲੋਕਾਂ ਨੇ ਕੈਨੇਡਾ ਨਾਲ ਏਕਤਾ, ਮਿਲ ਕੇ ਅੱਗੇ ਵਧਣ ਅਤੇ ਇੱਕ-ਦੂਜੇ ਦਾ ਸਾਥ ਦੇਣ ਦੀ ਚੋਣ ਕੀਤੀ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਗੇ ਕਿਹਾ ਕਿ ਹੁਣ ਸਾਡੇ ਕੋਲ ਇੱਕ ਵੱਡਾ ਮੌਕਾ ਹੈ ਕਿ ਸਾਨੂੰ ਕੈਨੇਡੀਅਨ ਵਜੋਂ ਜੋ ਕੁਝ ਵੀ ਮਿਲਿਆ ਹੈ ਜੋ ਕਿ ਦੁਨੀਆ ਦਾ ਸਭ ਤੋਂ ਬਿਹਤਰੀਨ ਮੁਲਕ ਹੈ ਉਸ ਨੂੰ ਸੰਭਾਲੀਏ ਅਤੇ ਇਸ ਦੇਸ਼ ਨੂੰ ਹਰ ਇੱਕ ਨਾਗਰਿਕ ਲਈ ਹੋਰ ਵੀ ਬਿਹਤਰ ਬਣਾਈਏ। ਜ਼ਿਕਰਯੋਗ ਹੈ ਕਿ ਇਸ ਇਤਿਹਾਸਕ ਰੈਫਰੈਂਡਮ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਕਾਰਨੀ ਨੇ ਖੁਦ ਐਲਬਰਟਾ ਦਾ ਦੌਰਾ ਕੀਤਾ ਸੀ।
ਉਨ੍ਹਾਂ ਕੈਲਗਰੀ ਅਤੇ ਐਡਮਿੰਟਨ ਵਿੱਚ ਆਯੋਜਿਤ ਹੋਈਆਂ ਫੌਰਐਵਰ ਕੈਨੇਡੀਅਨ ਰੈਲੀਆਂ ਵਿੱਚ ਹਿੱਸਾ ਲਿਆ ਸੀ ਅਤੇ ਲੋਕਾਂ ਨੂੰ ਕੈਨੇਡਾ ਦੇ ਪੱਖ ਵਿੱਚ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਸੀ।



