Dec 30, 2024 2:35 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਅਸਤੀਫ਼ੇ ਦੀ ਮੰਗ ਕਰਨ ਵਾਲਿਆਂ ਵਿਚ ਕੈਲਗਰੀ ਤੋਂ ਲਿਬਰਲ ਐਮ.ਪੀ. ਜਾਰਜ ਚਾਹਲ ਵੀ ਸ਼ਾਮਲ ਹੋ ਗਏ ਹਨ। ਉਨ੍ਹਾਂ ਲਿਬਰਲ ਕਾਕਸ ਅਤੇ ਲਿਬਰਲ ਪਾਰਟੀ ਦੇ ਪ੍ਰਧਾਨ ਨੂੰ ਭੇਜੇ ਗਏ ਪੱਤਰ ਨੂੰ ਜਨਤਕ ਕੀਤਾ ਹੈ, ਜਿਸ ਵਿਚ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹਟਾਉਣ ਦੀ ਪ੍ਰੀਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।
ਜਾਰਜ ਚਾਹਲ ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਦੇ ਐਮ.ਪੀ. ਹਨ। ਉਨ੍ਹਾਂ ਵਲੋਂ ਕਾਕਸ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ ਹੁਣ ਕਾਕਸ ਦਾ ਸਮਰਥਨ ਨਹੀਂ ਹੈ ਅਤੇ ਕੁਝ ਮਾਣ-ਸਨਮਾਨ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਤੁਰੰਤ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਚਾਹਲ ਨੇ ਅੱਗੇ ਕਿਹਾ ਕਿ ਲਿਬਰਲ ਪਾਰਟੀ ਆਫ ਕੈਨੇਡਾ ਦੇ ਬੋਰਡ ਨਾਲ ਕੰਮ ਕਰ ਰਹੇ ਕਾਕਸ ਨੂੰ ਜਲਦ ਲੀਡਰਸ਼ਿਪ ਚੋਣ ਤੈਅ ਕਰਨ ਦੀ ਤੁਰੰਤ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਪਾਰਟੀ ਪ੍ਰਧਾਨ ਸਚਿਤ ਮਹਿਰਾ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਸਮਾਂ ਬਹੁਤ ਕੀਮਤੀ ਹੈ, ਪ੍ਰਧਾਨ ਮੰਤਰੀ ਦੇ ਰਸਮੀ ਅਸਤੀਫਾ ਦੀ ਉਡੀਕ ਕੀਤੇ ਬਿਨਾਂ ਲੀਡਰਸ਼ਿਪ ਚੋਣ ਲਈ ਤੁਰੰਤ ਪ੍ਰੀਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਚਾਹਲ ਨੇ ਇਹ ਵੀ ਕਿਹਾ ਕਿ ਪਾਰਟੀ ਬੋਰਡ ਵਲੋਂ ਲੀਡਰਸ਼ਿਪ ਚੋਣ ਨਾ ਕਰਵਾਉਣਾ ਰਾਜਨੀਤਿਕ ਲਾਪਰਵਾਹੀ ਹੋਵੇਗੀ। ਗੌਰਤਲਬ ਹੈ ਕਿ ਸਾਬਕਾ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਦੇ ਕੈਬਨਿਟ ਛੱਡਣ ਤੋਂ ਬਾਅਦ ਪਾਰਟੀ ਅੰਦਰ ਟਰੂਡੋ ਉੱਤੇ ਅਹੁਦਾ ਛੱਡਣ ਦਾ ਭਾਰੀ ਦਬਾਅ ਹੈ।




