Aug 27, 2024 8:50 PM - The Canadian Press

ਬੀ.ਸੀ ਦੇ ਸਾਰੇ ਸਕੂਲਾਂ ਵਿਚ ਸੈਲਫੋਨਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਅੱਜ ਵੈਨਕੂਵਰ ਦੇ ਲਾਰਡ ਨੈਲਸਨ ਐਲੀਮੈਂਟਰੀ ਸਕੂਲ ਤੋਂ bell-to-bell ਬੈਨ ਦਾ ਐਲਾਨ ਕਰਦੇ ਕਿਹਾ ਕਿ ਅਗਲੇ ਹਫਤੇ ਜਦੋਂ ਵਿਦਿਆਰਥੀ ਵਾਪਸ ਆਉਣਗੇ ਤਾਂ ਸੂਬੇ ਦੇ ਸਾਰੇ ਸਕੂਲ ਜ਼ਿਲ੍ਹਿਆਂ ਵਿੱਚ ਸੈੱਲਫੋਨ ਦੀ ਵਰਤੋਂ 'ਤੇ ਪਾਬੰਦੀ ਹੋਵੇਗੀ।
ਇਸ ਮੌਕੇ 'ਤੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਰਚਨਾ ਸਿੰਘ ਅਤੇ ਅਟਾਰਨੀ-ਜਨਰਲ ਨਿੱਕੀ ਸ਼ਰਮਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੂਬੇ ਵਲੋਂ ਪਹਿਲੀ ਵਾਰ ਜਨਵਰੀ ਵਿਚ ਇਸ ਫੈਸਲੇ ਦਾ ਐਲਾਨ ਕੀਤਾ ਗਿਆ ਸੀ,
ਜਿਸ ਵਿਚ ਅਗਲੇ ਸਕੂਲੀ ਸਾਲ ਦੀ ਸ਼ੁਰੂਆਤ ਤੱਕ ਸਾਰੇ ਸਕੂਲਾਂ ਦੇ ਕਲਾਸਰੂਮਾਂ ਵਿਚ ਵਿਦਿਆਰਥੀਆਂ ਦੇ ਸੈੱਲਫੋਨ ਦੀ ਵਰਤੋਂ ਨੂੰ ਸੀਮਤ ਕਰਨ ਵਾਲੀਆਂ ਨੀਤੀਆਂ ਲਿਆਉਣ ਲਈ ਅਧਿਕਾਰੀਆਂ ਨੂੰ ਸਕੂਲ ਜ਼ਿਲ੍ਹਿਆਂ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਗਿਆ ਸੀ। ਈਬੀ ਨੇ ਕਿਹਾ ਕਿ ਇਸ ਨੀਤੀ ਦੇ ਅਪਵਾਦਾਂ ਵਿੱਚ ਸਿੱਖਣ ਦੀਆਂ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਨਵੇਂ ਸਕੂਲੀ ਸਾਲ ਵਿੱਚ ਸਕੂਲ ਦੀਆਂ ਇਮਾਰਤਾਂ ਦੇ ਆਲੇ-ਦੁਆਲੇ ਬਫਰ ਜ਼ੋਨ ਵੀ ਸਥਾਪਿਤ ਕੀਤੇ ਜਾਣਗੇ। ਇਹ ਕਾਨੂੰਨ ਪੁਲਿਸ ਨੂੰ ਸਕੂਲ ਦੀ ਜਾਇਦਾਦ ਦੇ 20 ਮੀਟਰ ਦੇ ਅੰਦਰ ਪਹੁੰਚ ਵਿੱਚ ਰੁਕਾਵਟ ਪਾਉਣ, ਵਿਦਿਅਕ ਗਤੀਵਿਧੀਆਂ ਵਿੱਚ ਰੁਕਾਵਟ ਪਾਉਣ ਜਾਂ ਦਖਲਅੰਦਾਜ਼ੀ ਕਰਨ ਜਾਂ ਵਿਅਕਤੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਜਾਂ ਟਿਕਟਾਂ ਜਾਰੀ ਕਰਨ ਦੀ ਸ਼ਕਤੀ ਦਿੰਦਾ ਹੈ।




