Aug 14, 2026 6:58 PM - Connect Newsroom - Ramandeep Kaur with files from The Canadian Press

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
ਉਨ੍ਹਾਂ ਕਿਹਾ ਕਿ ਉਹ Findlay ਵੱਲੋਂ ਪਾਰਟੀ ਨੂੰ ਆਪਣੇ ਮੁਤਾਬਕ ਢਾਲਣ ਦੇ ਅਧਿਕਾਰ ਦਾ ਪੂਰਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਕੰਮ ਆਪਣੇ ਹਲਕੇ ਕੈਮਲੂਪਸ ਸੈਂਟਰ ਦੇ ਲੋਕਾਂ ਦੀ ਸੇਵਾ ਕਰਨਾ ਹੈ ਜੋ ਕਿ ਉਨ੍ਹਾਂ ਲਈ ਬਦਲਿਆ ਨਹੀਂ ਹੈ। ਮਿਲੋਬਾਰ ਨੇ ਆਪਣੇ ਅਸਤੀਫੇ ਵਿਚ ਅੱਗੇ ਲਿਖਿਆ ਕਿ ਉਹ ਆਉਣ ਵਾਲੇ ਦਿਨਾਂ ਵਿਚ ਆਪਣੇ ਭਵਿੱਖ ਦੇ ਰਾਹ ਅਤੇ ਅਗਲੇ ਕਦਮਾਂ ਬਾਰੇ ਵਧੇਰੇ ਜਾਣਕਾਰੀ ਜਨਤਾ ਨਾਲ ਸਾਂਝੀ ਕਰਨਗੇ।
ਗੌਰਤਲਬ ਹੈ ਕਿ ਮਿਲੋਬਾਰ ਦਾ ਬੀ.ਸੀ. ਕੰਜ਼ਰਵੇਟਿਵ ਵਿਚੋਂ ਜਾਣਾ Findlay ਲਈ ਪਹਿਲਾ ਵੱਡਾ ਝਟਕਾ ਹੈ, ਜਿਨ੍ਹਾਂ ਵਲੋਂ ਜੌਨ ਰਸਟੈਡ ਦੀ ਜਗ੍ਹਾ ਲੀਡਰਸ਼ਿਪ ਕਮਾਨ ਉਸ ਸਮੇਂ ਸੰਭਾਲੀ ਗਈ ਸੀ ਜਦੋਂ ਪਾਰਟੀ ਨਵੇਂ ਲੀਡਰ ਦੀ ਅਗਵਾਈ ਵਿਚ ਇਕਜੁੱਟਤਾ ਦੀ ਉਮੀਦ ਕਰ ਰਹੀ ਸੀ।




