Aug 13, 2026 5:21 PM - Connect Newsroom - Ramandeep Kaur with files from The Canadian Press

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਵਿਚ ਦੋ ਕੁੱਤਿਆਂ ਵੱਲੋਂ ਇੱਕ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਡੌਗ ਮਾਲਕ 'ਤੇ ਅਪਰਾਧਿਕ ਚਾਰਜ ਲਗਾਏ ਗਏ ਹਨ। ਇਸ ਹਮਲੇ ਵਿਚ ਮਹਿਲਾ ਨੂੰ ਜ਼ਿੰਦਗੀ ਬਦਲ ਦੇਣ ਵਾਲੀਆਂ ਗੰਭੀਰ ਸੱਟਾਂ ਲੱਗੀਆਂ ਸਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ, ਜਿੱਥੇ ਦੋ ਵੱਡੇ ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਕੱਟਿਆ ਸੀ, ਇਸ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਲੰਬੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਸ਼ਹਿਰ ਦੇ ਅਧਿਕਾਰੀ ਨੇ ਇਸ ਹਮਲੇ ਤੋਂ ਪਹਿਲਾਂ ਹੀ ਉਨ੍ਹਾਂ ਕੁੱਤਿਆਂ ਨੂੰ ਅਧਿਕਾਰਤ ਤੌਰ 'ਤੇ ਖ਼ਤਰਨਾਕ ਘੋਸ਼ਿਤ ਕੀਤਾ ਹੋਇਆ ਸੀ। ਨਿਯਮਾਂ ਤਹਿਤ ਜਨਤਕ ਥਾਂ 'ਤੇ ਹਮੇਸ਼ਾ ਉਨ੍ਹਾਂ ਦੇ ਮੂੰਹ ਬੰਨ ਕੇ ਰੱਖਣਾ ਲਾਜ਼ਮੀ ਸੀ ਪਰ ਹਮਲੇ ਸਮੇਂ ਮਾਲਕ ਨੇ ਉਨ੍ਹਾਂ ਦੇ ਮੂੰਹ 'ਤੇ ਕੋਈ ਮਾਸਕ ਨਹੀਂ ਪਾਇਆ ਹੋਇਆ ਸੀ।
ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ ਇਸ ਲਾਪਰਵਾਹੀ ਨੂੰ ਦੇਖਦੇ ਹੋਏ ਕੁੱਤਿਆਂ ਦੇ ਮਾਲਕ ਖ਼ਿਲਾਫ਼ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਅਪਰਾਧਿਕ ਲਾਪਰਵਾਹੀ ਦੇ ਚਾਰਜ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਹੁਣ ਮਾਲਕ ਨੂੰ ਅਦਾਲਤ ਵਿਚ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।




