Aug 14, 2026 12:34 PM - Connect Newsroom - Ramandeep Kaur with files from The Canadian Press

ਬੀ. ਸੀ. ਦੀ ਵਿੱਤ ਮੰਤਰੀ ਬ੍ਰੇਂਡਾ ਬੇਲੀ ਨੇ ਖੁਦ ਨੂੰ ਕੈਂਸਰ ਹੋਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂਆਤੀ ਪੜਾਅ ਦਾ ਕੈਂਸਰ ਹੈ, ਜਿਸ ਦਾ ਇਲਾਜ ਸੰਭਵ ਹੈ। ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਬੇਲੀ ਨੇ ਜਾਣਕਾਰੀ ਦਿੱਤੀ ਕਿ ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ ਸੀ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਜਤਾਈ ਗਈ ਹੈ।
ਉਨ੍ਹਾਂ ਕਿਹਾ ਕਿ ਉਹ ਇਸੇ ਗਰਮੀਆਂ ਵਿਚ ਇਲਾਜ ਕਰਵਾਉਣਗੇ ਅਤੇ ਫਾਲ ਵਿਚ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਤੱਕ ਵਾਪਸ ਕੰਮ ’ਤੇ ਪਰਤਣ ਦੀ ਉਮੀਦ ਰੱਖਦੇ ਹਨ। ਮੰਤਰੀ ਨੇ ਦੱਸਿਆ ਕਿ ਉਹ ਇਲਾਜ ਦੌਰਾਨ ਵੀ ਸਰਕਾਰੀ ਕੰਮਕਾਜ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਪ੍ਰੀਮੀਅਰ ਡੇਵਿਡ ਈਬੀ ਨਾਲ ਮਿਲ ਕੇ ਕੰਮ ਕਰ ਰਹੇ ਹਨ। ਈਬੀ ਨੇ ਬੇਲੀ ਨੂੰ ਇੱਕ ਕਾਬਲ ਅਤੇ ਮਹੱਤਵਪੂਰਨ ਕੈਬਨਿਟ ਮੰਤਰੀ ਦੱਸਦਿਆਂ ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਗੌਰਤਲਬ ਹੈ ਕਿ ਬ੍ਰੇਂਡਾ ਬੇਲੀ ਪਹਿਲੀ ਵਾਰ 2020 ਵਿਚ ਵਿਧਾਇਕ ਬਣੇ ਸਨ ਅਤੇ 2024 ਤੋਂ ਉਹ ਵੈਨਕੂਵਰ ਸਾਊਥ ਗ੍ਰੈਨਵਿਲ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਵਿੱਦਿਅਕ ਤੌਰ 'ਤੇ ਉਨ੍ਹਾਂ ਕੋਲ ਰਾਜਨੀਤੀ ਵਿਗਿਆਨ ਅਤੇ ਸੋਸ਼ਲ ਵਰਕ ਦੀਆਂ ਡਿਗਰੀਆਂ ਹਨ ਅਤੇ ਉਨ੍ਹਾਂ ਬਿਜ਼ਨੈੱਸ ਤੇ ਕਾਨੂੰਨ ਦੀ ਉੱਨਤ ਪੜ੍ਹਾਈ ਵੀ ਕੀਤੀ ਹੋਈ ਹੈ।




