Jun 19, 2025 5:17 PM - The Canadian Press

ਬੀਸੀ ਕੰਜ਼ਰਵੇਟਿਵ ਦੇ ਪ੍ਰਧਾਨ ਜੌਨ ਰਸਟੈਡ ਦੇ ਆਰੋਪਾਂ ਦੀ ਆਰਸੀਐਮਪੀ ਜਾਂਚ ਹੋ ਸਕਦੀ ਹੈ। ਸੂਬੇ ਦੀ ਸੱਤਾਧਾਰੀ ਐਨਡੀਪੀ ਨੇ ਬੀਸੀ ਆਰਸੀਐਮਪੀ ਨੂੰ ਪੱਤਰ ਲਿਖ ਕੇ ਰਸਟੈਡ ਦੇ ਉਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਕਾਕਸ ਵਿਚੋਂ ਹਾਲ ਵਿਚ ਕੱਢੇ ਗਏ ਤਿੰਨ ਵਿਧਾਇਕਾਂ 'ਤੇ ਪਾਰਟੀ ਦੇ ਹੋਰ ਐਮ.ਐਲ.ਏ ਨੂੰ ਨਾਲ ਰਲਾਉਣ ਲਈ ਬਲੈਕਮੇਲ ਕਰਨ ਦੇ ਇਲਜ਼ਾਮ ਲਗਾਏ ਹਨ।
ਐਨਡੀਪੀ ਕਾਕਸ ਦੀ ਚੇਅਰ ਸਟੈਫਨੀ ਹਿਗਿਨਸਨ ਨੇ ਆਰਸੀਐਮਪੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਬਲੈਕਮੇਲ ਕਰਨਾ ਗੰਭੀਰ ਅਪਰਾਧ ਹੈ ਅਤੇ ਜਨਤਾ ਨੂੰ ਇਹ ਜਾਣਨ ਦਾ ਹੱਕ ਹੈ ਕਿ ਕੀ ਉਨ੍ਹਾਂ ਦਾ ਚੁਣਿਆ ਕੋਈ ਵਿਧਾਇਕ ਜਾਂ ਸਟਾਫ ਇਸ ਕਾਰਵਾਈ ਵਿਚ ਲਿਪਤ ਹੈ।ਹਿਗਿਨਸਨ ਨੇ ਬੀਸੀ ਆਰਸੀਐਮਪੀ ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੋਨਲਡ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਗੌਰਤਲਬ ਹੈ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਰਸਟੈਡ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਆਰੋਪਾਂ ਦੇ ਸਬੰਧ ਵਿਚ ਆਪਣੇ ਕੋਲ ਮੌਜੂਦ ਜਾਣਕਾਰੀ ਪੁਲਿਸ ਨੂੰ ਨਾ ਦਿੱਤੀ ਤਾਂ ਉਨ੍ਹਾਂ ਦੀ ਪਾਰਟੀ ਖੁਦ ਇਸ ਦੀ ਜਾਂਚ ਦੀ ਮੰਗ ਕਰੇਗੀ। ਓਧਰ, ਰਸਟੈਡ ਦੇ ਸਾਬਕਾ ਵਿਧਾਇਕਾਂ- ਡੱਲਾਸ ਬ੍ਰੋਡੀ, ਤਾਰਾ ਆਰਮਸਟ੍ਰਾਂਗ, ਜੌਰਡਨ ਕੇਲੀ ਨੇ ਆਪਣੇ 'ਤੇ ਲੱਗ ਆਰੋਪਾਂ ਦਾ ਖੰਡਨ ਕੀਤਾ ਹੈ।




