Apr 14, 2023 8:28 PM - BC Gov News

ਵਿਸਾਖੀ ਦੇ ਮੌਕੇ 'ਤੇ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ:
"ਅੱਜ ਬ੍ਰਿਟਿਸ਼ ਕੋਲੰਬੀਆ ਅਤੇ ਦੁਨੀਆ ਭਰ ਦੇ ਸਿੱਖ ਵਿਸਾਖੀ ਮਨਾਉਣ ਲਈ ਇਕੱਠੇ ਹੋ ਰਹੇ ਹਨ। ਤਿੰਨ ਸਦੀਆਂ ਤੋਂ ਵੀ ਵੱਧ ਸਮਾਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਵਸ ‘ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਵਿਸਾਖੀ ਸਿੱਖ ਕੈਲੰਡਰ ਦੇ ਸਭ ਤੋਂ ਪਵਿੱਤਰ ਦਿਹਾੜਿਆਂ ਵਿੱਚੋਂ ਇੱਕ ਹੈ। ਵਿਸਾਖੀ ਪਰਿਵਾਰਾਂ ਅਤੇ ਭਾਈਚਾਰੇ ਵਿੱਚ, ਪ੍ਰਾਰਥਨਾ ਅਤੇ ਜਸ਼ਨ ਮਨਾਉਣ ਲਈ ਇਕੱਠੇ ਹੋਣ ਦਾ ਸਮਾਂ ਹੈ। ਇਸ ਸਾਲ, ਇਸ ਨੂੰ ਸੂਬੇ ਭਰ ਦੇ ਗੁਰਦੁਆਰਿਆਂ ਵਿੱਚ ਪਾਠ ਅਤੇ ਅਰਦਾਸਾਂ ਰਾਹੀਂ, ਨਗਰ ਕੀਰਤਨਾਂ ਰਾਹੀਂ, ਅਤੇ ਪਰਿਵਾਰਾਂ ਨਾਲ ਇਕੱਠੇ ਹੋਕੇ ਮਨਾਇਆ ਜਾਵੇਗਾ। ਵਿਸਾਖੀ ਸੇਵਾ, ਸਾਂਝ ਅਤੇ ਇਮਾਨਦਾਰੀ ਵਰਗੀਆਂ ਸਿੱਖੀ ਕਦਰਾਂ-ਕੀਮਤਾਂ ‘ਤੇ ਵਿਚਾਰ ਕਰਨ ਦਾ ਵੀ ਸਮਾਂ ਹੈ। ਇਹ ਕਦਰਾਂ-ਕੀਮਤਾਂ ਸਿੱਖ ਭਾਈਚਾਰੇ ਤੋਂ ਇਲਾਵਾ, ਸਾਡੇ ਪੂਰੇ ਸੂਬੇ ਲਈ ਅਹਿਮ ਸਾਬਿਤ ਹੁੰਦੀਆਂ ਹਨ। ਜਦ ਅਸੀਂ ਸਿੱਖ ਵਿਰਾਸਤ ਮਹੀਨਾ ਮਨਾ ਰਹੇ ਹਾਂ, ਇਸ ਗੱਲ ਨੂੰ ਯਾਦ ਕਰਨਾ ਵਾਜਬ ਹੈ ਕਿ ਬੀ.ਸੀ. ਵਿੱਚ ਸਿੱਖ ਭਾਈਚਾਰੇ ਦੀ ਵੱਡੀ ਆਬਾਦੀ ਨੇ ਸਾਡੇ ਸੂਬੇ ਵਿੱਚ ਕਿਵੇਂ ਵੱਖ-ਵੱਖ ਤਰੀਕੇ ਨਾਲ ਯੋਗਦਾਨ ਪਾਇਆ ਹੈ, ਅਤੇ ਇਸ ਨੇ ਸਾਡੇ ਸਾਂਝੇ ਇਤਿਹਾਸ ਨੂੰ ਬੇਹਤਰ ਬਣਾਉਣ ਵਿੱਚ ਕਿਵੇਂ ਮਦਦ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਤਰਫੋਂ, ਮੈਂ ਵਿਸਾਖੀ ਮਨਾਉਣ ਵਾਲੇ ਸਮੁੱਚੇ ਭਾਈਚਾਰੇ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ!"




