Oct 23, 2020 2:13 AM -

ਬੀ.ਸੀ. 'ਚ ਕੋਰੋਨਾ ਵਾਇਰਸ ਦੇ ਇੱਕੋ ਦਿਨ 'ਚ ਸਭ ਤੋਂ ਵੱਧ ਮਾਮਲੇ ਰਿਪੋਰਟ ਹੋਣ ਦਾ ਰਿਕਾਰਡ ਟੁੱਟ ਗਿਆ ਹੈ। ਅੱਜ ਬੀ.ਸੀ. 'ਚ ਪੈਂਡੇਮਿਕ ਦੀ ਸ਼ੁਰੂਆਤ ਤੋਂ ਪਹਿਲੀ ਵਾਰ, ਇੱਕੋ ਦਿਨ 'ਚ 250 ਤੋਂ ਵੱਧ ਮਾਮਲੇ ਰਿਪੋਰਟ ਹੋਏ ਹਨ।
ਅੱਜ ਸੂਬੇ 'ਚ 274 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਕਿਸੇ ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ, ਜੋ ਕਿ ਰਾਹਤ ਦੀ ਖਬਰ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 12,331 ਹੋ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 256 ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 1,920 ਤੱਕ ਪਹੁੰਚ ਗਏ ਹਨ।
ਬੀ.ਸੀ. ਦੇ 71 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 24 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਅੱਜ ਡਾ. ਬੌਨੀ ਹੈਨਰੀ ਨੇ ਕਿਹਾ ਹੈ ਕਿ ਇਹ ਅਹਿਮ ਸਮਾਂ ਹੈ ਜਦ ਸੋਸ਼ਲ ਇਕੱਠਾਂ ਨੂੰ ਘਟਾਉਣ ਦੀ ਲੋੜ ਹੈ, ਅਤੇ ਜੇਕਰ ਕੋਈ ਵਿਅਕਤੀ ਕਿਸੇ ਇਕੱਠ ਦੇ ਸੱਦੇ ਨੂੰ ਠੁਕਰਾਉਂਦਾ ਹੈ, ਤਾਂ ਉਸ ਨਾਲ ਗੁੱਸਾ ਹੋਣਾ ਦੀ ਲੋੜ ਨਹੀਂ ਹੈ ਬਲਕਿ ਇਸ ਨੂੰ ਸਿਆਨਫ ਸਮਝਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸੂਬੇ 'ਚ ਚੋਣਾਂ ਹੋਣ ਵਾਲੀਆਂ ਹਨ, ਪਰ ਇਸ ਵੇਲੇ ਵਧੇਰੇ ਧਿਆਨ ਸੋਸ਼ਲ ਇਕੱਠਾਂ 'ਤੇ ਦੇਣ ਦੀ ਲੋੜ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕੀਤੀ ਹੈ, ਕਿਉਂਕਿ ਇਹ ਮਾਮਲੇ ਰਾਜਨੀਤੀ ਨਹੀਂ ਬਲਕਿ ਲੋਕਾਂ ਨਾਲ ਜੁੜਿਆ ਹੋਇਆ ਹੈ।




