Oct 26, 2026 4:46 PM - Connect Newsroom - Ramandeep Kaur with files from The Canadian Press

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ Monetary ਪਾਲਿਸੀ ਜਾਰੀ ਕਰਨ ਜਾ ਰਿਹਾ ਹੈ ਅਤੇ ਬਹੁਤ ਸਾਰੇ ਮਾਹਰਾਂ ਵਲੋਂ ਵਿਆਜ਼ ਦਰਾਂ ਵਿਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜੇ ਅਜਿਹਾ ਹੁੰਦਾ ਹੈ ਤਾਂ ਇਹ ਤਿੰਨ ਸਾਲਾਂ ਵਿਚ ਪਹਿਲੀ ਵਾਰ ਹੋਵੇਗਾ। ਅਰਥਸ਼ਾਸਤਰੀਆਂ ਮੁਤਾਬਕ, ਕੈਨੇਡੀਅਨ ਅਰਥਵਿਵਸਥਾ ਇਸ ਸਮੇਂ ਦੋ ਬਿਲਕੁਲ ਉਲਟ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਪਹਿਲੀ ਇਹ ਹੈ ਕਿ ਅਰਥਵਿਵਸਥਾ ਕਮਜ਼ੋਰ ਚੱਲ ਰਹੀ ਹੈ, ਜਿਸ ਸਥਿਤੀ ਵਿਚ ਗ੍ਰੋਥ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ਵਿਚ ਕਟੌਤੀ ਦੀ ਲੋੜ ਹੁੰਦੀ ਹੈ।
ਦੂਜੀ ਸਮੱਸਿਆ ਇਹ ਹੈ ਕਿ ਹੁਣ ਤੱਕ ਭਾਵੇਂ ਮਹਿੰਗਾਈ ਵਧਣ ਦਾ ਕਾਰਨ ਤੇਲ ਕੀਮਤਾਂ ਹਨ ਪਰ ਬੈਂਕ ਇਸ ਦਾ ਪ੍ਰਭਾਵ ਹੋਰ ਸੈਕਟਰਸ 'ਤੇ ਪੈਣ ਦਾ ਇੰਤਜ਼ਾਰ ਨਹੀਂ ਕਰ ਸਕਦਾ, ਜਿਸ ਨਾਲ ਇਹ ਕੰਟਰੋਲ ਤੋਂ ਬਾਹਰ ਹੋ ਜਾਵੇ, ਲਿਹਾਜਾ ਵਿਆਜ ਦਰਾਂ ਵਿਚ ਵਾਧਾ ਹੋ ਸਕਦਾ ਹੈ।
ਬਾਜ਼ਾਰ ਦਾ ਅਨੁਮਾਨ ਹੈ ਕਿ ਬੈਂਕ ਇਸ ਹਫ਼ਤੇ ਸਮੇਤ 2027 ਦੇ ਅੰਤ ਵਿਆਜ ਦਰਾਂ ਵਿਚ 4 ਵਾਰ 0.25 ਫੀਸਦੀ ਅੰਕ ਦਾ ਵਾਧਾ ਕਰ ਸਕਦਾ ਹੈ, ਜਿਸ ਨਾਲ ਮੌਜੂਦਾ ਪਾਲਿਸੀ ਰੇਟ 2.25 ਫੀਸਦੀ ਤੋਂ ਵੱਧ ਕੇ 3.25 ਫੀਸਦੀ ਤੱਕ ਪਹੁੰਚ ਸਕਦਾ ਹੈ। ਬਾਜ਼ਾਰ ਦੀ ਨਜ਼ਰ ਹੁਣ ਗਵਰਨਰ ਟਿਫ ਮੈਕਲਮ ਵਲੋਂ ਦਿੱਤੀ ਜਾਣ ਵਾਲੀ ਸਟੇਟਮੈਂਟ 'ਤੇ ਟਿਕੀ ਹੋਈ ਹੈ।




