Oct 26, 2026 7:00 PM - Connect Newsroom - Ramandeep Kaur with files from The Canadian Press

ਬੀ.ਸੀ. ਦੇ ਸਾਬਕਾ ਪ੍ਰੀਮੀਅਰ ਡੇਵਿਡ ਈਬੀ ਇਸ ਵਾਰ ਵੈਨਕੂਵਰ-ਪੁਆਇੰਟ ਗ੍ਰੇਅ ਦੀ ਆਪਣੀ ਸੀਟ ਤੋਂ ਕੁਝ ਸੈਂਕੜੇ ਵੋਟਾਂ ਦੇ ਫਰਕ ਨਾਲ ਹੀ ਜਿੱਤ ਸਕੇ ਹਨ। ਇਲੈਕਸ਼ਨ ਬੀ.ਸੀ. ਦੇ ਹੁਣ ਤੱਕ ਦੇ ਅੰਕੜਿਆਂ ਮੁਤਾਬਕ, ਉਨ੍ਹਾਂ ਨੂੰ 7,811 ਵੋਟਾਂ ਮਿਲੀਆਂ ਹਨ, ਜੋ ਕਿ ਉਹਨਾਂ ਦੇ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ Alex McMillan ਨੂੰ ਪਈਆਂ 7,273 ਵੋਟਾਂ ਤੋਂ ਸਿਰਫ 538 ਹੀ ਜ਼ਿਆਦਾ ਹਨ।
ਈਬੀ ਇਸ ਸੀਟ ਦੀ ਨੁਮਾਇੰਦਗੀ 2013 ਤੋਂ ਕਰ ਰਹੇ ਹਨ। 2024 ਦੀਆਂ ਚੋਣਾਂ ਵਿਚ ਉਨ੍ਹਾਂ ਉਸ ਸਮੇਂ ਦੇ ਆਪਣੇ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ ਨੂੰ ਕਰੀਬ 4,900 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਥੇ ਹੀ, Vancouver-Quilchena ਸੀਟ ਜਿਥੋਂ ਵਨਬੀ.ਸੀ. ਪਾਰਟੀ ਦੀ ਲੀਡਰ ਡੈਲਾਸ ਬ੍ਰੋਡੀ ਉਮੀਦਵਾਰ ਸਨ, ਉਨ੍ਹਾਂ ਨੂੰ ਸਿਰਫ 805 ਵੋਟਾਂ ਹੀ ਮਿਲੀਆਂ, ਜਦੋਂ ਕਿ ਕੰਜ਼ਰਵੇਟਿਵ ਦੇ ਕਾਰਸਨ ਬਿੰਡਾ ਇੱਥੋਂ ਐਨ.ਡੀ.ਪੀ. ਉਮੀਦਵਾਰ ਨੂੰ ਕਰੀਬ 5,600 ਵੋਟਾਂ ਦੇ ਅੰਤਰ ਨਾਲ ਹਰਾ ਕੇ ਜੇਤੂ ਰਹੇ।
ਦੱਸਣਯੋਗ ਹੈ ਕਿ ਡੈਲਾਸ ਬ੍ਰੋਡੀ 2024 ਵਿਚ ਬੀ. ਸੀ. ਕੰਜ਼ਰਵੇਟਿਵ ਵਲੋਂ ਚੋਣ ਲੜੇ ਸੀ ਉਸ ਸਮੇਂ ਉਸ ਨੇ 2,800 ਵੋਟਾਂ ਦੇ ਫਰਕ ਨਾਲ ਇਹ ਸੀਟ ਹਾਸਲ ਕੀਤੀ ਸੀ, ਜਦੋਂ ਕਿ ਇਹਨਾਂ ਚੋਣਾਂ ਵਿਚ ਉਹ ਸਭ ਤੋਂ ਅਖੀਰਲੇ ਸਥਾਨ 'ਤੇ ਸਿਮਟ ਗਈ।




