Oct 7, 2026 3:12 PM - Connect Newsroom - Ramandeep Kaur with files from The Canadian Press

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਇਲਾਕੇ ਵਿਚ ਲਗਾਤਾਰ ਦੋ ਹਮਲੇ ਕਰਨ ਦੇ ਦੋਸ਼ ਹੇਠ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਸੋਮਵਾਰ ਸ਼ਾਮ ਕਰੀਬ 4:40 ਵਜੇ ਈਸਟ ਹੈਸਟਿੰਗਜ਼ ਸਟ੍ਰੀਟ ਅਤੇ ਪ੍ਰਿੰਸੈਸ ਐਵੇਨਿਊ ਨੇੜੇ ਵਾਪਰੀ, ਜਿੱਥੇ ਇੱਕ ਮਾਂ ਆਪਣੇ ਬੱਚੇ ਨੂੰ ਸਟ੍ਰੋਲਰ ਵਿਚ ਲੈ ਕੇ ਜਾ ਰਹੀ ਸੀ, ਜਦੋਂ ਦੋਸ਼ੀ ਔਰਤ ਨੇ ਪਹਿਲਾਂ ਪੀੜਤਾ ਕੋਲੋਂ ਪੈਸਿਆਂ ਦੀ ਮੰਗ ਕੀਤੀ ਅਤੇ ਫਿਰ ਝਗੜੇ ਦੌਰਾਨ ਮਾਸੂਮ ਬੱਚੇ ਦੇ ਵਾਲਾਂ ਤੋਂ ਫੜ ਕੇ ਉਸ ਨੂੰ ਖਿੱਚਿਆ, ਹਾਲਾਂਕਿ ਇਸ ਘਟਨਾ ਵਿਚ ਕਿਸੇ ਨੂੰ ਗੰਭੀਰ ਸਰੀਰਕ ਸੱਟ ਨਹੀਂ ਲੱਗੀ।
ਇਸ ਦੇ ਤੁਰੰਤ ਬਾਅਦ ਸੀਸੀਟੀਵੀ ਕੈਮਰਿਆਂ ਵਿਚ ਉਹੀ ਔਰਤ ਇੱਕ ਹੋਰ ਅਣਪਛਾਤੇ ਵਿਅਕਤੀ ਦੇ ਚਿਹਰੇ 'ਤੇ ਮੁੱਕਾ ਮਾਰਦੀ ਕੈਦ ਹੋਈ। ਪੁਲਿਸ ਨੇ ਘਟਨਾ ਦੇ 10 ਮਿੰਟ ਬਾਅਦ ਇੱਕ ਸ਼ਰਾਬ ਦੀ ਦੁਕਾਨ ਤੋਂ ਚੋਰੀ ਕਰਨ ਦੀ ਕੋਸ਼ਿਸ਼ ਕਰਦਿਆਂ ਉਸ ਔਰਤ ਨੂੰ ਗ੍ਰਿਫਤਾਰ ਕੀਤਾ।
ਫਿਲਹਾਲ ਮੁਲਜ਼ਮ ਔਰਤ ਨੂੰ ਪਹਿਲਾਂ ਤੋਂ ਕਿਸੇ ਬਿਮਾਰੀ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਉਸ ਖਿਲਾਫ ਹਮਲੇ ਦੇ ਚਾਰਜਿਜ਼ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।




