Oct 29, 2025 7:48 PM - Connect Newsroom

ਬੀ.ਸੀ. ਸਰਕਾਰ ਵਲੋਂ ਅਮਰੀਕਾ ਨਾਲ ਵਪਾਰ ਵਿਵਾਦ ਅਤੇ ਹਾਲ ਹੀ ਵਿਚ ਸਾਫਟਵੁੱਡ 'ਤੇ ਵਧੇ ਟੈਰਿਫਸ ਦੇ ਮੱਦੇਨਜ਼ਰ ਵੈਨਕੂਵਰ ਵਿਚ ਅਗਲੇ ਹਫ਼ਤੇ ਫੈਡਰਲ ਮੰਤਰੀਆਂ ਨਾਲ ਇੱਕ ਐਮਰਜੈਂਸੀ ਬੈਠਕ ਬੁਲਾਈ ਜਾ ਰਹੀ ਹੈ, ਜਿਸ ਨੂੰ ਜੰਗਲਾਤ ਖੇਤਰ ਸੰਮੇਲਨ ਵੀ ਕਿਹਾ ਜਾ ਰਿਹਾ ਹੈ, ਇਸ ਵਿਚ ਸ਼ਾਮਲ ਹੋਣ ਲਈ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਫੈਡਰਲ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਮੇਲਾਨੀ ਜੋਲੀ ਨੂੰ ਸੱਦਾ ਦਿੱਤਾ ਹੈ।
ਬੀ.ਸੀ. ਸਰਕਾਰ ਦਾ ਇਰਾਦਾ ਫੈਡਰਲ ਸਰਕਾਰ ਤੋਂ ਸੰਘਰਸ਼ ਕਰ ਰਹੇ ਜੰਗਲਾਤ ਖੇਤਰ ਦੀ ਮਦਦ ਕਰਨ ਅਤੇ ਟੈਰਿਫਸ ਦਾ ਮੁਕਾਬਲਾ ਕਰਨ ਲਈ ਮਾਲੀ ਸਹਾਇਤਾ ਦੀ ਮੰਗ ਕਰਨਾ ਹੈ। ਪਰਮਾਰ ਦਾ ਕਹਿਣਾ ਸੀ ਕਿ ਬੀ. ਸੀ. ਵਿਚ ਸਾਡੇ ਲਈ ਜੰਗਲਾਤ ਹੀ ਆਟੋ ਸੈਕਟਰ ਅਤੇ ਸਟੀਲ ਸੈਕਟਰ ਦੀ ਤਰ੍ਹਾਂ ਹੈ, ਜਿਨ੍ਹਾਂ ਦੀ ਮਦਦ ਵੀ ਸਰਕਾਰ ਨੂੰ ਉਸੇ ਪੱਧਰ 'ਤੇ ਕਰਨੀ ਚਾਹੀਦੀ ਹੈ ਜਿਵੇਂ ਉਹਨਾਂ ਸੈਕਟਰਸ ਲਈ ਕੀਤੀ ਗਈ ਹੈ।
ਬੀ.ਸੀ. ਸਰਕਾਰ ਨੇ ਫਿਲਹਾਲ ਸਮਿਟ ਲਈ ਕੋਈ ਪੱਕੀ ਤਾਰੀਖ਼ ਤੈ ਨਹੀਂ ਕੀਤੀ ਹੈ। ਗੌਰਤਲਬ ਹੈ ਕਿ ਸੂਬਾ ਸਰਕਾਰ ਹੋਰ ਬਾਜ਼ਾਰਾਂ ਵੱਲ ਵੀ ਜ਼ੋਰ ਦੇ ਰਹੀ ਹੈ। ਮੰਤਰੀ ਪਰਮਾਰ ਨੇ ਹਾਲ ਹੀ ਵਿਚ ਯੂ.ਕੇ., ਯੂਰਪ ਅਤੇ ਮਿਡਲ ਈਸਟ ਅਤੇ ਨੌਰਥ ਅਫਰੀਕਾ ਦੇ ਕੁਝ ਹਿੱਸਿਆਂ ਵਿਚ ਐਕਸਪੋਰਟ ਵਧਾਉਣ ਲਈ ਲੰਡਨ ਵਿਚ ਇੱਕ ਨਵਾਂ ਵਪਾਰ ਦਫ਼ਤਰ ਸਥਾਪਤ ਕਰਨ ਦਾ ਐਲਾਨ ਕੀਤਾ ਸੀ।




