Nov 8, 2025 1:17 AM - Connect Newsroom - Pervez Sandhu

ਸਾਲ 2025 ਦੀ ਬੀ.ਸੀ. 'ਚ ਵਾਪਰਦੀਆਂ ਐਕਸਟੌਰਸ਼ਨ ਸੰਬੰਧੀ ਘਟਨਾਵਾਂ ਦੀ ਗਿਣਤੀ ਹੈਰਾਨੀਜਨਕ ਹੈ, ਤੇ ਇਸ ਦੇ ਨਾਲ ਹੀ ਮਾਮਲਿਆਂ ਸੰਬੰਧੀ ਗ੍ਰਿਫਤਾਰੀਆਂ ਜਾਂ ਚਾਰਜਿਸ ਲੱਗਣ ਦਾ ਅੰਕੜਾ ਨਿਰਾਸ਼ਾਜਨਕ ਹੈ।
ਕਨੈਕਟ ਐਫ.ਐਮ. ਨੇ ਬੀ.ਸੀ. ਦੇ ਲੋਅਰ ਮੇਨਲੈਂਡ 'ਚ ਕਈ ਵੱਡੀਆਂ ਜਿਉਰਿਸਡਿਕਸ਼ਨਸ ਵਿੱਚ ਐਕਸਟੌਰਸ਼ਨਸ ਸੰਬੰਧੀ ਅੰਕੜੇ ਜੁਟਾਏ ਜੋ ਕਿ ਸਿਰ ਖੁਰਕਣ 'ਤੇ ਮਜਬੂਰ ਕਰਦੇ ਹਨ।

ਸਰੀ ਵਿੱਚ ਇਸ ਸਾਲ 3 ਨਵੰਬਰ ਤੱਕ ਇੰਡੋ-ਕਨੇਡੀਅਨ ਭਾਈਚਾਰੇ ਨਾਲ ਸੰਬੰਧਤ ਵਪਾਰਾਂ ਜਾਂ ਲੋਕਾਂ ਨੂੰ ਟਾਰਗੈਟ ਕਰਦੇ ਐਕਸਟੌਰਸ਼ਨਸ ਸੰਬੰਧੀ ਮਾਮਲਿਆਂ ਦੀ ਗਿਣਤੀ 81 ਤੱਕ ਪਹੁੰਚ ਗਈ ਹੈ।
ਇਸ 'ਚ 42 ਮਾਮਲੇ ਅਜਿਹੇ ਸਨ ਜਿੱਥੇ ਸ਼ੂਟਿੰਗ ਦੀ ਘਟਨਾ ਵਾਪਰੀ।
ਇਸ 'ਚ ਸਿਰਫ ਅਕਤੂਬਰ ਦੇ ਮਹੀਨੇ ਹੀ 28 ਐਕਸਟੌਰਸ਼ਨ ਫਾਈਲਸ ਦੀ ਐਡੀਸ਼ਨ ਦੀ ਜਾਣਕਾਰੀ ਸਾਹਮਣੇ ਆਈ ਹੈ।
ਸਰੀ ਪੁਲਿਸ ਸਰਵਿਸ ਨੇ ਕਨੈਕਟ ਐਫ.ਐਮ. ਨੂੰ ਦੱਸਿਆ ਕਿ 42 ਸ਼ੂਟਿੰਗ ਸੰਬੰਧੀ ਘਟਨਾਵਾਂ 'ਚ 35 ਮਾਮਲੇ ਯੂਨੀਕ ਸਨ ਜਿਸ ਦਾ ਅਰਥ ਹੈ ਕਿ 7 ਮਾਮਲੇ ਅਜਿਹੇ ਸਨ ਜਿੱਥੇ ਕਿਸੇ ਵਪਾਰ ਜਾਂ ਵਿਅਕਤੀ ਨੂੰ ਮਲਟੀਪਲ ਮੌਕਿਆਂ 'ਤੇ ਟਾਰਗੈਟ ਕੀਤਾ ਗਿਆ।
ਹਾਲਾਂਕਿ ਖੁਸ਼ਕਿਸਮਤੀ ਨਾਲ ਇਨ੍ਹਾਂ ਐਕਸਟੌਰਸ਼ਨਸ ਸੰਬੰਧੀ ਮਾਮਲਿਆਂ 'ਚ ਸਰੀ 'ਚ ਕਿਸੇ ਦੀ ਜਾਨ ਜਾਣ ਤੋਂ ਬਚਾਅ ਰਿਹਾ ਹੈ।
ਸਰੀ ਵਿੱਚ ਐਕਸਟੌਰਸ਼ਨ ਮਾਮਲਿਆਂ 'ਚ ਮਲਟੀਪਲ ਅਰੈਸਟਸ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ 'ਚ 3 ਗ੍ਰਿਫਤਾਰੀਆਂ ਸੰਬੰਧੀ ਬੀ.ਸੀ. ਪ੍ਰਾਸੀਕਿਊਸ਼ਨ ਸਰਵਿਸ ਵੱਲੋਂ ਚਾਰਜਿਸ ਵੀ ਐਪਰੂਵ ਕੀਤੇ ਗਏ ਹਨ।

ਸਰੀ ਤੋਂ ਇਲਾਵਾ ਐਕਸਟੌਰਸ਼ਨਸ ਸੰਬੰਧੀ ਕਨੈਕਟ ਐਫ.ਐਮ. ਕੋਲ ਮੌਜੂਦ ਜਾਣਕਾਰੀ 'ਚ ਦੂਜੀ ਸਭ ਤੋਂ ਵੱਧ ਪ੍ਰਭਾਵਿਤ ਜਿਉਰਿਸਡਿਕਸ਼ਨ ਐਬਟਸਫੋਰਡ ਦੀ ਹੈ।
ਐਬਟਸਫੋਰਡ 'ਚ ਨਵੰਬਰ 2023 ਤੋਂ 10 ਅਕਤੂਬਰ 2025 ਤੱਕ ਦੀਆਂ ਐਕਸਟੌਰਸ਼ਨ ਫਾਈਲਸ ਦੀ ਗਿਣਤੀ 42 ਦੱਸੀ ਗਈ ਹੈ।
ਹਾਲਾਂਕਿ ਐਬਟਸਫੋਰਡ ਪੁਲਿਸ ਤੋਂ ਸਾਰਜੈਂਟ ਪੌਲ ਵਾਕਰ ਨੇ ਦੱਸਿਆ ਕਿ ਇਸ 'ਚ 7 ਮੌਕੇ ਅਜਿਹੇ ਸਨ ਜਿੱਥੇ ਹਿੰਸਾ ਵਾਪਰੀ ਸੀ।
42 ਵਿੱਚੋਂ 7 ਐਕਸਟੌਰਸ਼ਨ ਮਾਮਲਿਆਂ 'ਚ ਗੋਲੀ ਚੱਲਣ ਦੀ ਘਟਨਾ ਸ਼ਾਮਿਲ ਸੀ ਅਤੇ ਇਸ 'ਚ 3 ਮਾਮਲਿਆਂ 'ਚ ਆਰਸਨ ਦੀ ਘਟਨਾ ਵੀ ਵਾਪਰੀ ਸੀ।
ਹਾਲਾਂਕਿ ਐਬਟਸਫੋਰਡ 'ਚ ਐਕਸਟੌਰਸ਼ਨ ਮਾਮਲਿਆਂ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਕਿਸੇ 'ਤੇ ਚਾਰਜਿਸ ਐਪਰੂਵ ਨਹੀਂ ਹੋਏ ਹਨ।
ਐਬਟਸਫੋਰਡ 'ਚ ਵੀ ਸਰੀ ਵਾਂਗ ਇਨ੍ਹਾਂ ਐਕਸਟੌਰਸ਼ਨ ਮਾਮਲਿਆਂ 'ਚ ਕਿਸੇ ਦੀ ਜਾਨ ਜਾਣ ਤੋਂ ਬਚਾਅ ਰਿਹਾ ਹੈ।

ਕਨੈਕਟ ਐਫ.ਐਮ. ਨੇ ਆਪਣੀ ਜਾਂਚ ਦਾ ਦਾਇਰਾ ਸਿਰਫ ਸਰੀ ਅਤੇ ਐਬਟਸਫੋਰਡ ਤੱਕ ਸੀਮਤ ਨਹੀਂ ਰੱਖਿਆ।
ਇਸ ਵਿੱਚ ਕਨੈਕਟ ਐਫ.ਐਮ. ਨੇ ਸਰੀ ਦੇ ਨੇੜੇ ਦੀਆਂ ਕੁਝ ਜਿਉਰਿਸਡਿਕਸ਼ਨਸ 'ਚ ਐਕਸਟੌਰਸ਼ਨ ਮਾਮਲਿਆਂ ਦਾ ਪਤਾ ਲਗਾਇਆ ਅਤੇ ਨਾਲ ਹੀ ਆਬਾਦੀ ਅਨੁਸਾਰ ਕੁਝ ਵੱਡੇ ਇਲਾਕਿਆਂ 'ਚ ਮਾਮਲਿਆਂ ਦੀ ਜਾਣਕਾਰੀ ਸੰਬੰਧੀ ਜਾਂਚ ਕੀਤੀ।
ਸਰੀ ਦੇ ਬਿਲਕੁਲ ਨਾਲ ਲੱਗਦੇ ਡੈਲਟਾ 'ਚ ਸਾਲ 2025 'ਚ ਇੰਡੋ-ਕਨੇਡੀਅਨ ਭਾਈਚਾਰੇ ਨੂੰ ਟਾਰਗੈਟ ਕਰਦੇ ਐਕਸਟੌਰਸ਼ਨ ਮਾਮਲਿਆਂ ਦੀ ਗਿਣਤੀ 4 ਦੱਸੀ ਗਈ ਹੈ ਅਤੇ ਇਸ 'ਚ ਇੱਕ ਮਾਮਲੇ 'ਚ ਸ਼ੂਟਿੰਗ ਵਾਪਰੀ ਸੀ।

ਹਾਲਾਂਕਿ ਇਸ ਦੇ ਨਾਲ ਹੀ ਕਨੈਕਟ ਐਫ.ਐਮ. ਨੇ ਵੈਨਕੂਵਰ, ਨਿਊ ਵੈਸਟਮਿਨਸਟਰ ਅਤੇ ਬਰਨਬੀ 'ਚ ਵੀ ਇਨ੍ਹਾਂ ਮਾਮਲਿਆਂ ਸੰਬੰਧੀ ਪੜਤਾਲ ਕੀਤੀ।
ਹੈਰਾਨੀ ਦੀ ਗੱਲ ਇਹ ਸੀ ਕਿ ਵੈਨਕੂਵਰ ਪੁਲਿਸ ਡਿਪਾਰਟਮੈਂਟ ਤੋਂ ਕਾਂਸਟੇਬਲ ਤਾਨੀਆ ਵਿਸਿੰਟਿਨ ਨੇ ਦੱਸਿਆ ਕਿ ਆਮ ਤੌਰ 'ਤੇ ਵਾਪਰਦੇ ਐਕਸਟੌਰਸ਼ਨ ਸੰਬੰਧੀ ਮਾਮਲਿਆਂ 'ਚ ਸਾਲ 2020 ਤੋਂ 2025 ਤੱਕ ਲਗਾਤਾਰ ਗਿਣਤੀ ਵੱਡੀ ਰਹੀ ਹੈ, ਪਰ ਇੰਡੋ-ਕਨੇਡੀਅਨ ਭਾਈਚਾਰੇ ਨੂੰ ਟਾਰਗੈਟ ਕਰਨ ਵਾਲੀਆਂ ਫਿਰੌਤੀ ਸੰਬੰਧੀ ਇਸ ਸਾਲ ਦੀ ਇੱਕ ਵੀ ਘਟਨਾ ਵੈਨਕੂਵਰ 'ਚ ਦਰਜ ਨਹੀਂ ਹੈ।
ਇਸ ਦਾ ਅਰਥ ਹੈ ਕਿ ਵੈਨਕੂਵਰ ਤੋਂ ਇੰਡੋ-ਕਨੇਡੀਅਨ ਭਾਈਚਾਰੇ ਨਾਲ ਸੰਬੰਧਤ ਵਾਪਰ ਰਹੀਆਂ ਐਕਸਟੌਰਸ਼ਨ ਸੰਬੰਧੀ ਘਟਨਾਵਾਂ 'ਚ ਇੱਕ ਵੀ ਮਾਮਲਾ ਸ਼ਾਮਿਲ ਨਹੀਂ ਹੈ।
ਇਹ ਅੰਕੜਾ ਇਸਲਈ ਵੀ ਹੈਰਾਨ ਕਰਦਾ ਹੈ ਕਿਉਂਕਿ ਆਬਾਦੀ ਦੇ ਹਿਸਾਬ ਨਾਲ ਬੀ.ਸੀ. 'ਚ ਵੈਨਕੂਵਰ ਸਭ ਤੋਂ ਵੱਡਾ ਸ਼ਹਿਰ ਹੈ।
ਉੱਧਰ ਬਰਨਬੀ, ਜਿਸ ਦੀ ਆਬਾਦੀ 3 ਲੱਖ ਤੋਂ ਵਧੇਰੇ ਹੈ, ਉੱਥੇ ਵੀ ਫਿਰੌਤੀਆਂ ਸੰਬੰਧੀ ਕੋਈ ਅਜਿਹਾ ਮਾਮਲਾ ਨਹੀਂ ਹੈ ਜਿਸ ਨੂੰ ਐਕਸਟੌਰਸ਼ਨ ਜਾਇੰਟ ਫੋਰਸ ਆਪ੍ਰੇਸ਼ਨ ਕੋਲ ਰਿਪੋਰਟ ਕੀਤਾ ਗਿਆ ਹੋਵੇ।
ਇਸ ਦੇ ਨਾਲ ਹੀ ਨਿਊ ਵੈਸਟਮਿਨਸਟਰ 'ਚ ਅਜਿਹੇ ਮਾਮਲਿਆਂ ਦੀ ਗਿਣਤੀ 2 ਅਤੇ ਰਿਚਮੰਡ 'ਚ ਇਸ ਪ੍ਰਕਾਰ ਦੇ ਮਾਮਲਿਆਂ ਦੀ ਗਿਣਤੀ 3 ਦੱਸੀ ਗਈ ਹੈ।
ਲੈਂਗਲੀ, ਕੈਲੋਨਾ ਅਤੇ ਕੈਮਲੂਪਸ ਤੋਂ ਅਧਿਕਾਰੀਆਂ ਨੇ ਜਵਾਬ ਤਾਂ ਦਿੱਤਾ ਪਰ ਕੋਈ ਪੁਖਤਾ ਅੰਕੜੇ ਸਾਂਝੇ ਨਹੀਂ ਕੀਤੇ।

ਇਨ੍ਹਾਂ ਅੰਕੜਿਆਂ ਤੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਬੀ.ਸੀ. 'ਚ ਬਹੁਤ ਘੱਟ ਅਜਿਹੇ ਇਲਾਕੇ ਹਨ ਜੋ ਇਨ੍ਹਾਂ ਐਕਸਟੌਰਸ਼ਨਸ ਸੰਬੰਧੀ ਮਾਮਲਿਆਂ ਦੇ ਵੱਡੇ ਪ੍ਰਭਾਵ ਨੂੰ ਝੱਲ ਰਹੇ ਹਨ।
ਮੁੱਖ ਤੌਰ 'ਤੇ ਇੰਡੋ-ਕਨੇਡੀਅਨਸ ਦੀ ਵੱਡੀ ਆਬਾਦੀ ਵਾਲੇ ਇਲਾਕੇ ਜਿਵੇਂ ਕਿ ਸਰੀ ਅਤੇ ਐਬਟਸਫੋਰਡ 'ਚ ਇਹ ਮਾਮਲੇ ਵਧੇਰੀ ਗਿਣਤੀ 'ਚ ਵਾਪਰੇ ਹਨ।
ਇਨ੍ਹਾਂ ਦੋ ਜਿਉਰਿਸਡਿਕਸ਼ਨਸ ਦੀ ਐਕਸਟੌਰਸ਼ਨਸ ਸੰਬੰਧੀ ਰਿਪੋਰਟਿਡ ਮਾਮਲਿਆਂ ਦੀ ਗਿਣਤੀ 123 ਹੈ।
ਇਸੇ ਸੰਬੰਧੀ ਅਸੀਂ ਸਰੀ ਪੁਲਿਸ ਸਰਵਿਸ ਤੋਂ ਸਾਰਜੈਂਟ ਪੋਲੌਕ ਤੋਂ ਵੀ ਸਵਾਲ ਕੀਤਾ।

ਕਨੈਕਟ ਐਫ.ਐਮ. ਨੇ ਇਹ ਪੂਰੀ ਜਾਣਕਾਰੀ ਇਕੱਤਰ ਕਰਨ ਦੀ ਸ਼ੁਰੂਆਤ ਐਕਸਟੌਰਸ਼ਨ ਜਾਇੰਟ ਟਾਸਕ ਫੋਰਸ ਤੋਂ ਹੀ ਕੀਤੀ ਸੀ।
28 ਅਕਤੂਬਰ ਨੂੰ ਕਨੈਕਟ ਐਫ.ਐਮ. ਨੇ ਟਾਸਕ ਫੋਰਸ ਸੰਬੰਧੀ ਕਮਿਊਨੀਕੇਸ਼ਨ ਅਫ਼ਸਰ ਨੂੰ ਇੱਕ ਈ-ਮੇਲ ਰਾਹੀਂ ਸੂਬੇ 'ਚ ਐਕਸਟੌਰਸ਼ਨ ਦੇ ਕੁੱਲ ਮਾਮਲਿਆਂ, ਸੂਬੇ 'ਚ ਇਨ੍ਹਾਂ ਮਾਮਲਿਆਂ ਸੰਬੰਧੀ ਕੁੱਲ ਗ੍ਰਿਫਤਾਰੀਆਂ, ਇਨ੍ਹਾਂ ਹੀ ਮਾਮਲਿਆਂ ਦੀ ਸ਼ਹਿਰੀ ਇਲਾਕਿਆਂ ਸੰਬੰਧੀ ਬ੍ਰੇਕ-ਡਾਊਨ ਕਰ ਜਾਣਕਾਰੀ ਦੇਣ ਅਤੇ ਇਨ੍ਹਾਂ ਮਾਮਲਿਆਂ ਨਾਲ ਸੰਬੰਧਤ ਕੁੱਲ ਸ਼ੂਟਿੰਗ ਦੀਆਂ ਘਟਨਾਵਾਂ ਦੀ ਜਾਣਕਾਰੀ ਮੰਗੀ ਸੀ।
ਉਸ ਈ-ਮੇਲ ਦੇ ਜਵਾਬ 'ਚ ਇੱਕ ਵੀ ਅੰਕੜਾ ਸਾਂਝਾ ਨਹੀਂ ਕੀਤਾ ਗਿਆ ਸੀ।
ਅਧਿਕਾਰਿਤ ਈ-ਮੇਲ ਜਵਾਬ 'ਚ ਅਫ਼ਸਰ ਨੇ ਆਖਿਆ ਸੀ ਕਿ ਮਾਮਲਿਆਂ ਦੀ ਜਾਂਚ ਗੁੰਝਲਦਾਰ ਹੈ ਅਤੇ ਸਪੈਸੀਫਿਕ ਡਾਟਾ 'ਚ ਇੰਟ੍ਰਸਟ ਦੇ ਬਾਵਜੂਦ ਹਾਲ ਦੀ ਘੜੀ ਸਟੈਟਿਸਟਿਕਸ ਪ੍ਰਦਾਨ ਕਰਨਾ ਸਥਿਤੀ ਦੀ ਕੰਪਲੈਕਸਿਟੀ ਅਤੇ ਸਕੋਪ ਦੀ ਸਹੀ ਤਸਵੀਰ ਪੇਸ਼ ਨਹੀਂ ਕਰੇਗੀ।
ਯਾਦ ਰਹੇ ਬੀ.ਸੀ. ਐਕਸਟੌਰਸ਼ਨ ਸੰਬੰਧੀ ਟਾਸਕ ਫੋਰਸ ਨੂੰ ਸਥਾਪਿਤ ਕੀਤੇ ਅੱਜ 7 ਨਵੰਬਰ ਨੂੰ ਪੂਰੇ 50 ਦਿਨ ਹੋ ਗਏ ਹਨ। ਇਸ ਫੋਰਸ ਦੇ ਸਥਾਪਿਤ ਕੀਤੇ ਜਾਣ ਦੀ ਜਾਣਕਾਰੀ 17 ਸਿਤੰਬਰ ਨੂੰ ਕੀਤੀ ਗਈ ਸੀ।
ਫਿਲਹਾਲ ਪੂਰੇ ਬੀ.ਸੀ. ਵਿੱਚ ਇਨ੍ਹਾਂ ਮਾਮਲਿਆਂ ਦੀ exact ਗਿਣਤੀ ਦੀ ਜਾਣਕਾਰੀ ਨਹੀਂ ਹੈ, ਪਰ ਇਨ੍ਹਾਂ ਮੌਜੂਦਾ ਅੰਕੜਿਆਂ ਨੂੰ ਇਹ ਸਪਸ਼ਟ ਹੈ ਕਿ ਇਸ ਸਮੱਸਿਆ ਦਾ ਜਿਸ ਪ੍ਰਕਾਰ ਦਾ ਪ੍ਰਭਾਵ ਸਰੀ ਅਤੇ ਐਬਟਸਫੋਰਡ ਦੇ ਇਲਾਕੇ 'ਤੇ ਪੈ ਰਿਹਾ ਹੈ, ਉਸ ਦੀ ਹੋਰ ਜਿਉਰਿਸਡਿਕਸ਼ਨਸ ਨਾਲ ਤੁਲਣਾ ਕਰਨਾ ਮੁਸ਼ਕਿਲ ਹੈ।
ਹਾਲਾਂਕਿ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਕਿਸੇ ਇੱਕ ਸ਼ਹਿਰ ਤੱਕ ਨਹੀਂ ਰੁਕਦੇ ਅਤੇ ਇਸ ਕਾਰਨ ਜਾਂਚ ਅਤੇ ਪੜਤਾਲ 'ਚ ਬਾਕੀ ਜਿਉਰਿਸਡਿਕਸ਼ਨਸ ਦੇ ਸਹਿਯੋਗ ਦੀ ਮਹੱਤਤਾ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ।




