Sep 29, 2026 6:32 PM - Connect Newsroom - Ramandeep Kaur with files from The Canadian Press

ਕੈਲਗਰੀ ਚੈਂਬਰ ਆਫ਼ ਕਾਮਰਸ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਮੁਤਾਬਕ ਜੇਕਰ ਐਲਬਰਟਾ ਕੈਨੇਡਾ ਤੋਂ ਵੱਖ ਹੋ ਜਾਂਦਾ ਹੈ ਅਤੇ ਵਪਾਰਕ ਲਾਗਤਾਂ ਵਧਦੀਆਂ ਹਨ, ਤਾਂ ਕੈਲਗਰੀ ਵਿੱਚ 44,000 ਤੋਂ 69,000 ਦੇ ਕਰੀਬ ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ।ਯੂਨੀਵਰਸਿਟੀ ਆਫ਼ ਕੈਲਗਰੀ ਦੇ ਅਰਥ ਸ਼ਾਸਤਰੀ Trevor Tombe ਵਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਕੈਨੇਡਾ ਛੱਡਣ ਦੇ ਵਪਾਰ, ਨਿਵੇਸ਼, ਕਰਮਚਾਰੀਆਂ ਅਤੇ ਸਰਕਾਰੀ ਵਿੱਤ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕੀਤੀ ਗਈ ਹੈ।
ਕੈਲਗਰੀ ਵਿੱਚ 3,60,000 ਤੋਂ ਵੱਧ ਨੌਕਰੀਆਂ ਦੂਜੇ ਸੂਬਿਆਂ ਜਾਂ ਦੇਸ਼ਾਂ ਨੂੰ ਐਕਸਪੋਰਟ ਉੱਤੇ ਨਿਰਭਰ ਹਨ। ਇਹ ਸਬੰਧ ਸਿਰਫ਼ ਤੇਲ ਅਤੇ ਗੈਸ ਤੱਕ ਸੀਮਤ ਨਹੀਂ ਸਗੋਂ ਪ੍ਰੋਫ਼ੈਸ਼ਨਲ ਸੇਵਾਵਾਂ, ਮੈਨੂਫੈਕਚਰਿੰਗ, ਟਰਾਂਸਪੋਰਟ ਅਤੇ ਟੂਰਿਜ਼ਮ ਵਿੱਚ ਵੀ ਫੈਲੇ ਹੋਏ ਹਨ। ਜੇਕਰ ਵਪਾਰਕ ਲਾਗਤਾਂ 5 ਫ਼ੀਸਦੀ ਵਧਦੀਆਂ ਹਨ ਤਾਂ ਕੈਲਗਰੀ ਵਿੱਚ ਲਗਭਗ 44,000 ਨੌਕਰੀਆਂ ਘੱਟ ਹੋ ਸਕਦੀਆਂ ਹਨ, ਅਤੇ 8 ਫ਼ੀਸਦੀ ਦੇ ਵਾਧੇ ਨਾਲ ਇਹ ਅੰਕੜਾ 69,000 ਤੱਕ ਪਹੁੰਚ ਸਕਦਾ ਹੈ।
ਚੈਂਬਰ ਦੀ ਪ੍ਰਧਾਨ ਅਤੇ ਸੀ.ਈ.ਓ. ਡੇਬੋਰਾ ਯੇਡਲਿਨ ਦਾ ਕਹਿਣਾ ਹੈ ਕਿ ਇਹ ਰਿਪੋਰਟ ਕਾਰੋਬਾਰੀ ਭਾਈਚਾਰੇ ਵਿੱਚ ਚੱਲ ਰਹੀਆਂ ਚਿੰਤਾਵਾਂ ਨੂੰ ਅਸਲ ਅੰਕੜਿਆਂ ਸਾਹਮਣੇ ਰੱਖਦੀ ਹੈ।ਵੱਖ ਹੋਣ ਤੋਂ ਬਾਅਦ ਅਲਬਰਟਾ ਦੀ ਵਿੱਤੀ ਸਥਿਤੀ ਆਰਥਿਕ ਗੜਬੜੀ ਅਤੇ ਫੈਡਰਲ ਜ਼ਿੰਮੇਵਾਰੀਆਂ ਸੰਭਾਲਣ ਦੇ ਖਰਚੇ 'ਤੇ ਨਿਰਭਰ ਕਰੇਗੀ। ਰਿਪੋਰਟ ਮੁਤਾਬਕ ਸਾਲਾਨਾ ਲਗਭਗ $9 ਬਿਲੀਅਨ ਦਾ ਘਾਟਾ ਪੈ ਸਕਦਾ ਹੈ।




