Nov 17, 2025 8:14 PM - Connect Newsroom - Jasmine Singh

ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਵਲੋਂ ਪੇਸ਼ ਕੀਤੇ ਬਲੈਂਕਟ ਰੀਜ਼ੋਨਿੰਗ ਨੂੰ ਰੱਦ ਕਰਨ ਵਾਲੇ ਮਤੇ ਨੂੰ ਕਾਰਜਕਾਰੀ ਕਮੇਟੀ ਨੇ ਮਨਜ਼ੂਰੀ ਦਿੱਤੀ ਹੈ। ਹੁਣ ਇਸ ਨੂੰ 15 ਦਸੰਬਰ ਨੂੰ ਫੁਲ ਕੌਂਸਲ ਦੀ ਬੈਠਕ ਵਿਚ ਪੇਸ਼ ਕੀਤਾ ਜਾਵੇਗਾ। ਜੇਕਰ ਕੌਂਸਲ ਇਸ ਨੂੰ ਹਰੀ ਝੰਡੀ ਦਿੰਦੀ ਹੈ ਤਾਂ ਸਾਬਕਾ ਮੇਅਰ ਜੋਤੀ ਗੋਂਡੇਕ ਅਤੇ ਉਨ੍ਹਾਂ ਦੀ ਕੌਂਸਲ ਵਲੋਂ ਪਾਸ ਕੀਤੇ ਬਲੈਂਕਟ ਰੀਜ਼ੋਨਿੰਗ ਨੂੰ ਪ੍ਰੋਸੈੱਸ ਦੇ ਬਾਅਦ ਹਟਾ ਦਿੱਤਾ ਜਾਵੇਗਾ।
ਅਪ੍ਰੈਲ 2024 ਵਿਚ ਪਾਸ ਬਲੈਕੇਟ ਅਪਜ਼ੋਨਿੰਗ ਬਾਇਲੋਅ ਤਹਿਤ ਸਾਰੇ ਰਿਹਾਇਸ਼ੀ ਪਲਾਟ 'ਤੇ ਫੋਰਪਲੈਕਸ ਅਤੇ ਰੋਅਹਾਊਸ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਲਈ ਵਿਅਕਤੀਗਤ ਸੁਣਵਾਈ ਜਾਂ ਕਮਿਊਨਿਟੀ ਕੌਸੁਲੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਸਿਟੀ ਦੇ ਨਵੇਂ ਚੁਣੇ ਮੇਅਰ ਅਤੇ ਉਨ੍ਹਾਂ ਦੀ ਕਾਰਜਕਾਰੀ ਕਮੇਟੀ ਨੇ ਇਸ ਵੱਲ ਪਹਿਲਾ ਕਦਮ ਵਧਾਇਆ ਹੈ, ਜਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਵੱਡੀ ਗਿਣਤੀ ਵਿਚ ਲੋਕਾਂ ਦੀ ਨਾ ਮਨਜ਼ੂਰੀ ਦੇ ਬਾਵਜੂਦ ਸਿਟੀ ਕੌਂਸਲ ਨੇ ਇਸ ਨੂੰ ਪਾਸ ਕੀਤਾ ਸੀ। ਲੋਕਾਂ ਦਾ ਕਹਿਣਾ ਹੈ ਕਿ ਰੀਜ਼ੋਨਿੰਗ ਨਾਲ ਉਨ੍ਹਾਂ ਇਲਾਕਿਆਂ ਵਿਚ ਵੀ ਭੀੜ ਵੱਧ ਜਾਵੇਗੀ, ਜਿੱਥੇ ਰਹਿਣ ਲਈ ਉਨ੍ਹਾਂ ਵਾਧੂ ਖਰਚਾ ਕੀਤਾ ਹੈ।




