Nov 7, 2025 5:27 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਆਉਣ ਵਾਲੀ ਜੀ-7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਜਿਸ ਵਿਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਇਸ ਵਿਚ ਸ਼ਾਮਲ ਹੋਣਗੇ। ਇਹ ਬੈਠਕ ਓਨਟਾਰੀਓ ਦੇ ਨਿਆਗਰਾ ਵਿਚ 11 ਅਤੇ 12 ਨਵੰਬਰ ਨੂੰ ਹੋਵੇਗੀ।
ਇਸ ਵਿਚ ਜੀ-7 ਮੈਂਬਰ ਫਰਾਂਸ, ਜਰਮਨੀ, ਇਟਲੀ, ਜਪਾਨ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਵਿਦੇਸ਼ ਮੰਤਰੀ ਤੋਂ ਇਲਾਵਾ ਇਸ ਸੰਗਠਨ ਤੋਂ ਬਾਹਰੀ ਮੁਲਕਾਂ ਨੂੰ ਵੀ ਸੱਦਾ ਮਿਲਿਆ ਹੈ, ਜਿਨ੍ਹਾਂ ਵਿਚੋਂ ਇੱਕ ਭਾਰਤ ਵੀ ਹੈ। ਇਸ ਤੋਂ ਪਹਿਲਾਂ ਜੂਨ ਵਿਚ ਐਲਬਰਟਾ ਵਿਚ ਹੋਈ ਜੀ-7 ਦੇ ਰਾਸ਼ਟਰ ਪ੍ਰਮੁੱਖਾਂ ਦੀ ਬੈਠਕ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਸੀ।
ਜੈਸ਼ੰਕਰ ਵਲੋਂ ਮੀਟਿੰਗ ਦੇ ਸਾਈਡ ਲਾਈਨ 'ਤੇ ਆਨੰਦ ਅਤੇ ਹੋਰ ਹਮਰੁਤਬਾ ਨਾਲ ਦੁਵੱਲੀਆਂ ਚਰਚਾਵਾਂ ਕਰਨ ਦੀ ਉਮੀਦ ਹੈ, ਇਹ ਭਾਰਤ ਅਤੇ ਕੈਨੇਡਾ ਵਿਚਕਾਰ ਡਿਪਲੋਮੈਟਿਕ-ਰੀ-ਅੰਗੇਜਮੈਂਟ ਦੇ ਹਾਲੀਆ ਦੌਰ ਤੋਂ ਬਾਅਦ ਹੋ ਰਿਹਾ ਹੈ। ਹੋਰ ਸੱਦੇ ਗਏ ਆਊਟਰੀਚ ਦੇਸ਼ ਵਿਚ ਆਸਟ੍ਰੇਲੀਆ, ਬ੍ਰਾਜ਼ੀਲ, ਸਾਊਦੀ ਅਰਬ, ਮੈਕਸੀਕੋ, ਸਾਊਥ ਕੋਰੀਆ, ਸਾਊਥ ਅਫਰੀਕਾ ਅਤੇ ਯੂਕਰੇਨ ਸ਼ਾਮਲ ਹਨ।




