Aug 24, 2026 1:42 PM - Connect Newsroom - Ramandeep Kaur with files from The Canadian Press

ਕੈਨੇਡੀਅਨ ਵਸਤਾਂ ’ਤੇ ਅਮਰੀਕਾ ਵਲੋਂ 50 ਫ਼ੀਸਦੀ ਨਵੇਂ ਟੈਰਿਫ ਲਗਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਨੂੰ ਕੈਨੇਡਾ ਦੀ ਆਰਥਿਕਤਾ ’ਤੇ ਹਮਲਾ ਕਰਾਰ ਦਿੱਤਾ ਹੈ ਅਤੇ 8 ਸਤੰਬਰ ਤੋਂ ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਣ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਕੀ ਕੈਨੇਡਾ ਹੁਣ ਟਰੇਡ ਵਾਰ ਵਿਚ ਦਾਖ਼ਲ ਹੋ ਗਿਆ ਹੈ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਹਮਲਾ ਹੁੰਦਾ ਹੈ ਤਾਂ ਤੁਸੀਂ ਜੰਗ ਦੇ ਮੈਦਾਨ ਵਿਚ ਹੁੰਦੇ ਹੋ ਅਤੇ ਸਾਡੇ 'ਤੇ ਆਰਥਿਕ ਹਮਲਾ ਹੋਇਆ ਹੈ।
ਕਾਰਨੀ ਨੇ ਆਪਣੇ ਬਿਆਨ ਵਿਚ ਮੰਨਿਆ ਕਿ ਟੈਰਿਫਸ ਨਾਲ ਦੇਸ਼ ਵਿਚ ਕੀਮਤਾਂ ਵਧਣਗੀਆਂ ਅਤੇ ਵਿਕਲਪ ਸੀਮਤ ਹੋਣਗੇ ਪਰ ਉਨ੍ਹਾਂ ਕਿਹਾ ਕਿ ਇੱਕ ਮਾੜੇ ਸਮਝੌਤੇ ਨੂੰ ਰੱਦ ਕਰਨਾ ਦੇਸ਼ ਦੇ ਹਿੱਤ ਵਿਚ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਆਖ਼ਰੀ ਪਲਾਂ ਦੌਰਾਨ ਸ਼ਰਤਾਂ ਬਦਲੀਆਂ ਗਈਆਂ, ਜੋ ਕੈਨੇਡੀਅਨ ਆਰਥਿਕਤਾ ਲਈ ਨੁਕਸਾਨਦੇਹ ਸਨ। ਇਸ ਕਾਰਨ ਉਨ੍ਹਾਂ ਨੇ ਵਪਾਰ ਵਾਰਤਾ ਰੋਕ ਕੇ ਆਪਣੀ ਟੀਮ ਵਾਪਸ ਔਟਵਾ ਸੱਦ ਲਈ ਸੀ।
ਪ੍ਰਧਾਨ ਮੰਤਰੀ ਮੁਤਾਬਕ, ਫੈਡਰਲ ਸਰਕਾਰ ਵੱਲੋਂ ਸੂਬਿਆਂ ਨਾਲ ਮਿਲ ਕੇ Internal Trade ਰੁਕਾਵਟਾਂ ਹਟਾਉਣ, ਐਕਸਪੋਰਟ ਬਾਜ਼ਾਰਾਂ ਨੂੰ ਵਧਾਉਣ ਅਤੇ ਨੈਸ਼ਨਲ ਪ੍ਰੋਜੈਕਟਸ ਨੂੰ ਤੇਜ਼ ਕਰਨ ਦੀ ਰਣਨੀਤੀ ਉਲੀਕੀ ਗਈ ਹੈ।




