Sep 24, 2026 1:51 PM - Connect Newsroom - Ramandeep Kaur with files from The Canadian Press

ਕੈਨੇਡਾ ਸਮੇਤ ਦੁਨੀਆ ਭਰ ਦੇ ਖਪਤਕਾਰਾਂ ਨੂੰ ਟਰੰਪ ਦੇ ਅਮਰੀਕੀ ਡੀਜ਼ਲ ਨਿਰਯਾਤ ਦੇ ਸੰਭਾਵਿਤ ਬੈਨ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ। ਡੌਨਲਡ ਟਰੰਪ ਨੇ ਹਾਲ ਹੀ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕੀਆਂ ਲਈ ਕੀਮਤਾਂ ਘਟਾਉਣ ਲਈ ਉਹ ਦੇਸ਼ ਦੇ ਡੀਜ਼ਲ ਨੂੰ ਬਾਹਰ ਭੇਜਣ ਤੋਂ ਰੋਕ ਸਕਦੇ ਹਨ।
ਇਸ ਦੀ ਵਜ੍ਹਾ ਹੈ ਕਿ ਮਿਡਲ ਈਸਟ ਦੀ ਜੰਗ ਕਾਰਨ ਵਧ ਰਹੀਆਂ ਤੇਲ ਕੀਮਤਾਂ ਨਵੰਬਰ ਵਿਚ ਹੋਣ ਵਾਲੀਆਂ ਮਿਡ ਟਰਮ ਚੋਣਾਂ ਵਿਚ ਟਰੰਪ ਦੀ ਰਿਪਬਲਿਕਨ ਪਾਰਟੀ ਹੱਥੋਂ ਕਾਂਗਰਸ ਦਾ ਕੰਟਰੋਲ ਖੁੱਸਣ ਦਾ ਖਤਰਾ ਪੈਦਾ ਕਰ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਪਾਬੰਦੀ 90 ਦਿਨਾਂ ਲਈ ਲਗਾਈ ਜਾ ਸਕਦੀ ਹੈ ਅਤੇ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਪੁਸ਼ਟੀ ਕੀਤੀ ਹੈ ਕਿ ਵਾਸ਼ਿੰਗਟਨ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਰਿਫਾਇਨਿੰਗ ਸਮਰੱਥਾ ਦੇ ਲਿਹਾਜ ਨਾਲ ਪੂਰੀ ਜਾਂ ਅੰਸ਼ਕ ਪਾਬੰਦੀ ਲਾਗੂ ਕਰਨਾ ਸੰਭਵ ਹੈ।
ਇਹ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਅਮਰੀਕਾ ਵਿਚ ਡੀਜ਼ਲ ਦੀ ਔਸਤਨ ਕੀਮਤ ਰਿਕਾਰਡ 6.51 ਅਮਰੀਕੀ ਡਾਲਰ ਪ੍ਰਤੀ ਗੈਲਨ 'ਤੇ ਹੈ ਅਤੇ ਕੈਨੇਡਾ ਵਿਚ ਇਹ 2 ਡਾਲਰ ਪ੍ਰਤੀ ਲਿਟਰ ਦੇ ਆਸਪਾਸ ਚੱਲ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਬੈਨ ਨਾਲ ਅਮਰੀਕੀ ਖਪਤਕਾਰਾਂ ਨੂੰ ਸ਼ੁਰੂਆਤ ਵਿਚ ਕੁਝ ਰਾਹਤ ਮਿਲੇਗੀ ਪਰ ਸਪਲਾਈ ਰੁਕਣ ਨਾਲ ਕੌਮਾਂਤਰੀ ਬਾਜ਼ਾਰ ਵਿਚ ਭਾਰੀ ਉਥਲ-ਪੁਥਲ ਮਚੇਗੀ, ਜਿਸ ਨਾਲ ਉਲਟਾ ਲੰਬੇ ਸਮੇਂ ਤੱਕ ਕੀਮਤਾਂ ਉੱਚੀਆਂ ਰਹਿ ਸਕਦੀਆਂ ਹਨ।




