Sep 11, 2026 4:37 PM - Connect Newsroom - Ramandeep Kaur with files from The Canadian Press

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ਐਲਬਰਟਾ ਦੇ ਬੈਂਫ ਸ਼ਹਿਰ ਵਿਚ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਵਾਸ਼ਿੰਗਟਨ ਵਿਚ ਕੋਈ ਮੀਟਿੰਗ ਤਹਿ ਨਹੀਂ ਹੈ ਪਰ ਉਹ ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਅਤੇ ਵਣਜ ਸਕੱਤਰ ਹਾਵਰਡ ਲੂਟਨਿਕ ਨਾਲ ਕਈ ਵਾਰ ਫ਼ੋਨ 'ਤੇ ਗੱਲ ਕਰ ਚੁੱਕੇ ਹਨ। ਲੇਬਲੈਂਕ ਨੇ ਦੁਹਰਾਇਆ ਕਿ ਅਸੀਂ ਗੱਲਬਾਤ ਦੀ ਮੇਜ਼ 'ਤੇ ਆਉਣ ਨੂੰ ਤਿਆਰ ਹਾਂ ਬਸ਼ਰਤੇ ਟਰੰਪ ਪ੍ਰਸ਼ਾਸਨ ਨੂੰ ਕੈਨੇਡਾ ਦੇ ਮਾਣ ਸਨਮਾਨ ਦਾ ਸਤਿਕਾਰ ਕਰਨਾ ਹੋਵੇਗਾ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਇਹ ਗੱਲ ਦੁਹਰਾ ਚੁੱਕੇ ਹਨ ਅਤੇ ਕੱਲ ਜਦੋਂ ਉਹਨਾਂ ਕੋਲੋਂ ਪੱਤਰਕਾਰਾਂ ਵਲੋਂ ਪੁੱਛਿਆ ਗਿਆ ਕਿ ਕੀ ਗੱਲਬਾਤ ਟੁੱਟਣ ਤੋਂ ਬਾਅਦ ਟਰੰਪ ਗੁੱਸੇ ਵਿਚ ਹਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਕਿਸੇ ਦੇ ਮਨ ਵਿਚ ਝਾਤੀ ਨਹੀਂ ਮਾਰ ਸਕਦਾ ਇਹ ਕੋਈ ਜਜ਼ਬਾਤੀ ਮੁੱਦਾ ਨਹੀਂ ਸਗੋਂ ਕੈਨੇਡਾ ਦੀ ਪ੍ਰਭੂਸੱਤਾ ਦਾ ਸਵਾਲ ਹੈ।




