Sep 18, 2026 4:16 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਔਟਵਾ ਵਿਖੇ ਆਪਣੀ ਲਿਬਰਲ ਕਾਕਸ ਦੀ ਬੈਠਕ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਹ ਅਹਿਮ ਬੈਠਕ ਸੋਮਵਾਰ ਤੋਂ ਸ਼ੁਰੂ ਹੋ ਰਹੇ ਹਾਊਸ ਔਫ ਕਾਮਨਜ਼ ਦੇ ਫਾਲ ਸੈਸ਼ਨ ਤੋਂ ਠੀਕ ਪਹਿਲਾਂ ਹੋ ਰਹੀ ਹੈ। ਇਸ ਸੈਸ਼ਨ ਵਿਚ ਲਿਬਰਲ ਸਰਕਾਰ ਦੇ ਮੁੱਖ ਬਿੱਲਾਂ ਵਿਚ ਬਾਲਣ ਆਬਕਾਰੀ ਟੈਕਸ ਦੀ ਵਧਾਈ ਗਈ ਛੋਟ ਨੂੰ ਲਾਗੂ ਕਰਨ ਸਬੰਧੀ ਕਾਨੂੰਨ ਵੀ ਸ਼ਾਮਲ ਹੋਵੇਗਾ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਕਾਰਨੀ ਨੇ 2 ਸਤੰਬਰ ਨੂੰ ਕੀਤਾ ਸੀ। ਇਹ ਟੈਕਸ ਛੋਟ ਪਹਿਲਾਂ ਅਪ੍ਰੈਲ ਤੋਂ ਸਤੰਬਰ 2026 ਤੱਕ ਦਿੱਤੀ ਗਈ ਸੀ, ਜਿਸ ਨੂੰ ਹੁਣ ਵਧਾ ਕੇ ਜਨਵਰੀ 2027 ਤੱਕ ਲਿਜਾਣ ਦੀ ਯੋਜਨਾ ਹੈ।
ਇਸ ਨਾਲ ਕੈਨੇਡੀਅਨਾਂ ਨੂੰ ਪੈਟਰੋਲ 'ਤੇ ਪ੍ਰਤੀ ਲਿਟਰ 10 ਸੈਂਟ ਅਤੇ ਡੀਜ਼ਲ 'ਤੇ 4 ਸੈਂਟ ਦੀ ਬਚਤ ਮਿਲ ਰਹੀ ਹੈ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਵੀਰਵਾਰ ਨੂੰ ਫ਼ਰਾਂਸ ਦੌਰੇ ਤੋਂ ਪਰਤੇ, ਜਿੱਥੇ ਉਨ੍ਹਾਂ ਵਪਾਰ, ਡਿਫੈਂਸ ਅਤੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਯੂਰਪ ਨਾਲ ਇੱਕ ਵੱਡੇ ਗਠਜੋੜ ਦੀ ਘੋਸ਼ਣਾ ਕੀਤੀ ਸੀ। ਇਹ ਕਦਮ ਅਮਰੀਕਾ 'ਤੇ ਕੈਨੇਡਾ ਦੀ ਨਿਰਭਰਤਾ ਘਟਾਉਣ ਦਾ ਹਿੱਸਾ ਹੈ।
ਇਸੇ ਦੌਰਾਨ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ ਐਸੋਸੀਏਟ ਮੈਂਬਰ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ, ਜਿਸ ਦਾ ਪ੍ਰਧਾਨ ਮੰਤਰੀ ਕਾਰਨੀ ਨੇ ਯੂਰਪੀਅਨ ਪਾਰਲੀਮੈਂਟ ਵਿਚ ਆਪਣੇ ਸੰਬੋਧਨ ਦੌਰਾਨ ਭਰਵਾਂ ਸਵਾਗਤ ਕੀਤਾ।




