Sep 29, 2025 6:33 PM - Connect Newsroom
ਰਿਚਮੰਡ ਆਰ.ਸੀ.ਐਮ.ਪੀ. ਦੀ ਰੋਡ ਸੇਫਟੀ ਯੂਨਿਟ ਨੇ ਇੱਕ ਵ੍ਹਾਈਟ ਡੋਜ ਚਾਰਜਰ ਨੂੰ ਜ਼ਬਤ ਕਰਦੇ ਹੋਏ ਡਰਾਈਵਰ ਨੂੰ $368 ਦਾ ਜੁਰਮਾਨਾ ਕੀਤਾ ਹੈ। ਪੁਲਿਸ ਨੇ ਕਿਹਾ ਕਿ 20 ਸਤੰਬਰ ਨੂੰ ਰੋਡ ਸੇਫਟੀ ਯੂਨਿਟ ਦੇ ਅਧਿਕਾਰੀ ਇੱਕ ਟਾਰਗੇਟਡ ਓਪਰੇਸ਼ਨ ਕਰ ਰਹੇ ਸਨ ਜਦੋਂ ਇੱਕ ਗੱਡੀ 50 ਕਿਲੋਮੀਟਰ ਪ੍ਰਤੀ ਘੰਟਾ ਜ਼ੋਨ ਵਿਚ 99 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਫੜੀ ਗਈ।
ਪੁਲਿਸ ਨੇ ਕਿਹਾ ਕਿ ਲਗਭਗ ਇੱਕ ਸਾਲ ਪਹਿਲਾਂ ਹਾਈਵੇ 91 'ਤੇ ਵੀ ਤੇਜ਼ ਰਫ਼ਤਾਰ ਵਿਚ ਇਸੇ ਗੱਡੀ ਨੂੰ ਰੋਕਿਆ ਗਿਆ ਸੀ। ਉਸ ਸਮੇਂ ਮੌਜੂਦਾ ਡਰਾਈਵਰ ਗੱਡੀ ਵਿਚ ਇੱਕ ਪੈਸੇਜਰ ਵਜੋਂ ਸਵਾਰ ਸੀ। ਰਿਚਮੰਡ ਪੁਲਿਸ ਦੀ ਰੋਡ ਸੇਫਟੀ ਯੂਨਿਟ ਦੇ ਸਾਰਜੈਂਟ ਐਰਿਕ ਬਾਸਕੇਟ ਨੇ ਕਿਹਾ ਕਿ ਇਹ ਮਾੜੀ ਗੱਲ ਹੈ ਕਿ ਇਸ ਡਰਾਈਵਰ ਨੇ ਪਿਛਲੇ ਵਾਈਲੇਸ਼ਨ ਅਤੇ ਗੱਡੀ ਨੂੰ ਜ਼ਬਤ ਕਰਨ ਤੋਂ ਸਬਕ ਨਹੀਂ ਲਿਆ।
ਬਾਸਕੇਟ ਨੇ ਕਿਹਾ ਕਿ ਕਿਉਂਕਿ ਇਸ ਡੋਜ ਚਾਰਜਰ ਨੂੰ ਦੋ ਸਾਲਾਂ ਅੰਦਰ ਬਹੁਤ ਜ਼ਿਆਦਾ ਸਪੀਡ ਲਈ ਦੋ ਵਾਰ ਜ਼ਬਤ ਕੀਤਾ ਗਿਆ ਹੈ, ਇਸ ਲਈ ਹੁਣ ਇਸ ਨੂੰ 30 ਦਿਨਾਂ ਦੇ ਵਾਧੂ ਜ਼ਬਤ ਕਰਨ ਦੀ ਮਿਆਦ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਡਰਾਈਵਿੰਗ ਵਿਵਹਾਰ ਸਾਰੇ ਸੜਕ ਉਪਭੋਗਤਾ ਨੂੰ ਜੋਖਮ ਵਿਚ ਪਾਉਂਦਾ ਹੈ ਇਸ ਲਈ ਅਸੀਂ ਸਖ਼ਤੀ ਨਾਲ ਕਾਰਵਾਈ ਕਰਦੇ ਰਹਾਂਗੇ।