Dec 16, 2024 9:32 PM -

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਫਾਇਨੈਂਸ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅੱਜ ਸੰਸਦ ਵਿਚ ਫਿਸਕਲ ਅਪਡੇਟ ਦਿੱਤੇ ਜਾਣ ਤੋਂ ਪਹਿਲਾਂ ਹੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਪਿੱਛੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੋਸ਼ਲ ਮੀਡੀਆ 'ਤੇ ਟਰੂਡੋ ਨੂੰ ਸੰਬੋਧਿਤ ਕੀਤੇ ਗਏ ਪੱਤਰ ਵਿਚ ਫ੍ਰੀਲੈਂਡ ਨੇ ਲਿਖਿਆ ਕਿ ਸ਼ੁੱਕਰਵਾਰ ਤੁਸੀਂ ਮੈਨੂੰ ਸੂਚਿਤ ਕੀਤਾ ਕਿ ਤੁਸੀਂ ਹੁਣ ਮੈਨੂੰ ਆਪਣੇ ਮੰਤਰੀ ਮੰਡਲ ਵਿਚ ਫਾਇਨੈਂਸ ਮੰਤਰੀ ਵਜੋਂ ਨਹੀਂ ਰੱਖਣਾ ਚਾਹੁੰਦੇ ਅਤੇ ਇਸ ਦੀ ਬਜਾਏ ਮੈਨੂੰ ਕੈਬਨਿਟ ਵਿਚ ਹੋਰ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਫ੍ਰੀਲੈਂਡ ਨੇ ਕਿਹਾ ਕਿ ਇਸ 'ਤੇ ਵਿਚਾਰ ਕਰਨ ਤੋਂ ਬਾਅਦ ਮੈਂ ਇਸ ਫੈਸਲੇ 'ਤੇ ਪਹੁੰਚੀ ਹਾਂ ਕਿ ਮੇਰੇ ਲਈ ਇਕਮਾਤਰ ਇਮਾਨਦਾਰ ਅਤੇ ਸਹੀ ਰਸਤਾ ਇਹੀ ਹੈ ਕਿ ਮੈਂ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਵਾਂ।
ਫ੍ਰੀਲੈਂਡ ਨੇ ਇਹ ਵੀ ਕਿਹਾ ਕਿ ਹਾਲ ਹੀ ਦੇ ਹਫ਼ਤਿਆਂ ਵਿਚ ਉਨ੍ਹਾਂ ਟਰੂਡੋ ਨਾਲ ਆਪਣੇ ਮਤਭੇਦਾਂ ਨੂੰ ਵਧਦੇ ਹੋਇਆ ਪਾਇਆ ਹੈ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇੱਕ ਲਿਬਰਲ ਸੰਸਦ ਮੈਂਬਰ ਦੇ ਰੂਪ ਵਿਚ ਬਣੇ ਰਹਿਣਗੇ ਅਤੇ ਅਗਲੀਆਂ ਚੋਣਾਂ ਵੀ ਲੜਨਗੇ।




