Oct 3, 2022 5:39 PM - ANI

ਪੰਜਾਬ ਵਿਚ ਗੰਨੇ ਦੇ ਖਰੀਦ ਮੁੱਲ ਵਿਚ ਸਰਕਾਰ ਨੇ 20 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਸੂਬੇ ਵਿਚ ਗੰਨੇ ਦੀ ਖਰੀਦ ਕੀਮਤ ਮੌਜੂਦਾ 360 ਰੁਪਏ ਤੋਂ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ।
ਪੰਜਾਬ ਵਿਧਾਨ ਸਭਾ ਵਿਚ ਇਸ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, "ਕਿਸਾਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਗੰਨੇ ਦੇ ਰਾਜ ਸਹਿਮਤੀ ਮੁੱਲ (ਐੱਸ. ਏ. ਪੀ.) ਤਹਿਤ 20 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਮਿਲਣਗੇ।"
ਇਸ ਫੈਸਲੇ ਨਾਲ ਸੂਬਾ ਸਰਕਾਰ ਸਾਲਾਨਾ 200 ਕਰੋੜ ਰੁਪਏ ਵਾਧੂ ਖਰਚ ਕਰੇਗੀ।
ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨਾਂ ਦੇ ਸਮੁੱਚੇ ਬਕਾਏ ਦਾ ਭੁਗਤਾਨ ਕਰ ਦਿੱਤਾ ਹੈ ਪਰ ਦੋ ਨਿੱਜੀ ਖੰਡ ਮਿੱਲਾਂ ਨੇ ਅਜੇ ਤੱਕ ਬਕਾਇਆ ਅਦਾ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਿੱਲਾਂ ਦੇ ਮਾਲਕ ਦੇਸ਼ ਛੱਡ ਕੇ ਭੱਜ ਗਏ ਹਨ ਅਤੇ ਕਿਸਾਨਾਂ ਦੇ ਬਕਾਇਆ ਅਦਾ ਕਰਨ ਲਈ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।




