Sep 18, 2026 5:13 PM - Connect Newsroom - Ramandeep Kaur with files from The Canadian Press

ਕੰਜ਼ਰਵੇਟਿਵ ਪਾਰਟੀ ਦੇ ਆਗੂ ਲੈਰੀ ਬ੍ਰੌਕ ਨੇ ਹਾਊਸ ਔਫ ਕਾਮਨਜ਼ ਤੋਂ ਅਧਿਕਾਰਤ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਓਨਟਾਰੀਓ ਦੀ ਬ੍ਰਾਂਟਫੋਰਡ-ਬ੍ਰਾਂਟ ਸਾਊਥ ਦੇ ਐਮ.ਪੀ. ਵਜੋਂ ਉਨ੍ਹਾਂ ਦਾ ਪੰਜ ਸਾਲਾਂ ਦਾ ਸਿਆਸੀ ਸਫਰ ਖ਼ਤਮ ਹੋ ਗਿਆ ਹੈ। ਲੈਰੀ ਬ੍ਰੌਕ ਨੇ ਪਿਛਲੇ ਮਹੀਨੇ ਹੀ ਸੰਸਦ ਮੈਂਬਰ ਦਾ ਅਹੁਦਾ ਛੱਡਣ ਦੀਆਂ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰ ਦਿੱਤਾ ਸੀ, ਜਿੱਥੇ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਹ ਫਿਰ ਵਕੀਲ ਦੇ ਪੇਸ਼ੇ ਵਿਚ ਪਰਤ ਰਹੇ ਹਨ।
ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਓਨਟਾਰੀਓ ਦੇ ਇਸ ਚੋਣ ਹਲਕੇ ਸਮੇਤ ਦੇਸ਼ ਵਿਚ ਮੌਜੂਦਾ ਸਮੇਂ ਖਾਲੀ ਪਈਆਂ ਪੰਜ ਹੋਰ ਸੀਟਾਂ 'ਤੇ ਆਉਣ ਵਾਲੇ ਮਹੀਨਿਆਂ ਵਿਚ ਜ਼ਿਮਨੀ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਦੌਰਾਨ ਰਾਜਨੀਤਿਕ ਹਲਚਲ ਨੂੰ ਤੇਜ਼ ਕਰਦੇ ਹੋਏ ਪੀਅਰ ਪੌਲੀਐਵ ਇਸੇ ਵੀਕੈਂਡ 'ਤੇ ਬ੍ਰਾਂਟਫੋਰਡ ਵਿਚ ਇੱਕ ਸਿਆਸੀ ਰੈਲੀ ਕਰਨ ਦੀ ਤਿਆਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਪੌਲੀਐਵ ਦੇ ਕਾਕਸ ਨੂੰ ਛੱਡ ਕੇ ਜਾਣ ਵਾਲੇ ਬ੍ਰੌਕ ਛੇਵੇਂ ਐਮ.ਪੀ. ਹਨ। ਇਸ ਤੋਂ ਪਹਿਲਾਂ ਕੰਜ਼ਰਵੇਟਿਵ ਦੇ ਚਾਰ ਸੰਸਦ ਮੈਂਬਰ ਪਾਰਟੀ ਬਦਲ ਕੇ ਲਿਬਰਲਸ ਵਿਚ ਸ਼ਾਮਲ ਹੋ ਗਏ ਸਨ, ਜਦੋਂ ਕਿ ਰਿਚਰਡ ਮਾਰਟਲਨੂੰ ਇਸੇ ਗਰਮੀਆਂ ਦੌਰਾਨ ਪ੍ਰਧਾਨ ਮੰਤਰੀ ਨੇ ਸੈਨੇਟ ਵਿਚ ਨਿਯੁਕਤ ਕੀਤਾ ਹੈ।




