Aug 13, 2026 4:54 PM - Connect Newsroom - Ramandeep Kaur with files from The Canadian Press

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
ਪੌਲੀਐਵ ਮੁਤਾਬਕ, ਮਹਿਜ਼ ਇੱਕ ਤਿਮਾਹੀ ਦੀ ਤਾਜ਼ਾ ਵਾਧਾ ਇਸ ਸੱਚਾਈ ਨੂੰ ਨਹੀਂ ਬਦਲ ਸਕਦੀ ਕਿ ਕਾਰਨੀ ਦੇ ਸਾਸ਼ਨ ਵਿਚ ਕੈਨੇਡਾ ਅੱਜ ਜੀ-7 ਵਿਚ ਸਭ ਤੋਂ ਘੱਟ ਵਿਕਾਸ ਦਰ, ਸਭ ਤੋਂ ਵੱਧ ਫੂਡ ਇੰਫਲੇਸ਼ਨ, ਸਭ ਤੋਂ ਵੱਧ ਕਰਜ਼ੇ ਅਤੇ ਦੂਜੀ ਸਭ ਤੋਂ ਉੱਚੀ ਬੇਰੁਜ਼ਗਾਰੀ ਦਰ ਨਾਲ ਜੂਝ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਤੋਂ ਕਾਰਨੀ ਸੱਤਾ ਵਿਚ ਆਏ ਹਨ ਹਰ ਤਿਮਾਹੀ ਦੌਰਾਨ ਨਿਵੇਸ਼ ਲਗਾਤਾਰ ਡਿੱਗ ਰਿਹਾ ਹੈ।
ਪੌਲੀਐਵ ਨੇ ਦਾਅਵਾ ਕੀਤਾ ਕਿ ਕੈਨੇਡਾ ਦੀ ਆਰਥਿਕ ਸਥਿਤੀ ਆਸਟ੍ਰੇਲੀਆ, ਯੂ. ਕੇ., ਯੂਰਪੀ ਯੂਨੀਅਨ, ਅਮਰੀਕਾ ਅਤੇ ਮੈਕਸੀਕੋ ਨਾਲੋਂ ਵੀ ਖ਼ਰਾਬ ਸਥਿਤੀ ਵਿਚ ਹੈ। ਕੰਜ਼ਰਵੇਟਿਵ ਲੀਡਰ ਨੇ ਤੰਜ ਕਸਦਿਆਂ ਕਿਹਾ ਕਿ ਮਾਰਕ ਕਾਰਨੀ ਨੇ ਕੈਨੇਡਾ ਨੂੰ ਨੰਬਰ ਇੱਕ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਦੇਸ਼ ਨੂੰ ਸਭ ਤੋਂ ਖ਼ਰਾਬ ਹਾਲਤ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।




