Aug 5, 2022 5:32 PM - ANI

ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਸ਼ੁੱਕਰਵਾਰ ਨੂੰ ਬਰਮਿੰਘਮ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿਚ ਪੁਰਸ਼ਾਂ ਦੇ 65 ਕਿਲੋਗ੍ਰਾਮ ਵਿਚ ਕੈਨੇਡਾ ਦੇ ਲੈਚਲੇਨ ਮੈਕਨੇਲ ਨੂੰ ਫਾਈਨਲ ਵਿਚ ਪਟਕ ਦਿੱਤਾ ਅਤੇ ਭਾਰਤ ਲਈ ਗੋਲਡ ਮੈਡਲ ਹਾਸਲ ਕੀਤਾ।
ਬਜਰੰਗ ਪੂਨੀਆ ਨੇ ਪਹਿਲੇ ਪੀਰੀਅਡ ਦੀ ਸਮਾਪਤੀ ਤੱਕ ਹੀ ਮੈਕਨੇਲ 'ਤੇ 4-0 ਦੀ ਬੜ੍ਹਤ ਬਣਾ ਲਈ ਸੀ।
ਹਾਲਾਂਕਿ, ਬਾਅਦ ਵਿਚ ਮੈਕਨੇਲ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਮੁਕਾਬਲਾ 2-4 'ਤੇ ਲੈ ਆਂਦਾ ਪਰ ਪੂਨੀਆ ਨੇ ਦੋ ਹੋਰ ਅੰਕ ਹਾਸਲ ਕਰਕੇ ਇਕ ਵਾਰ ਫਿਰ ਬੜ੍ਹਤ ਬਣਾ ਲਈ।
ਇਸ ਤੋਂ ਬਾਅਦ ਭਾਰਤੀ ਪਹਿਲਵਾਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਮੈਚ 9-2 ਨਾਲ ਜਿੱਤ ਲਿਆ।
ਗੌਰਤਲਬ ਹੈ ਕਿ ਪੁਨੀਆ ਨੇ ਸੈਮੀਫਾਈਨਲ ਵਿਚ ਇੰਗਲੈਂਡ ਦੇ ਜਾਰਜ ਰੈਮ ਨੂੰ 10-0 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਦੱਸ ਦੇਈਏ ਕਿ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਬਰਮਿੰਘਮ ਵਿਚ ਸ਼ੁਰੂ ਹੋਈਆਂ ਸਨ ਅਤੇ 8 ਅਗਸਤ ਤੱਕ ਚੱਲਣਗੀਆਂ।




