Oct 21, 2026 6:44 PM - Connect Newsroom - Ramandeep Kaur with files from The Canadian Press

ਪ੍ਰੀਮੀਅਰ ਡੈਨੀਅਲ ਸਮਿਥ ਨੇ ਆਪਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ 'ਪ੍ਰੋ-ਕੈਨੇਡਾ' ਯਾਨੀ ਕੈਨੇਡਾ ਦੇ ਪੱਖ ਵਿੱਚ ਰਹਿਣ ਦਾ ਸਮਰਥਨ ਨਹੀਂ ਕਰ ਸਕਦੇ ਤਾਂ ਉਹ ਆਪਣੀ ਪਾਰਟੀ ਮੈਂਬਰਸ਼ਿਪ ਵਾਪਸ ਕਰ ਦੇਣ ਅਤੇ ਇਸ ਦੀ ਬਜਾਏ ਉਹ ਨਵੀਂ ਪਾਰਟੀ ਲੱਭ ਸਕਦੇ ਹਨ।
ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਇੱਕ ਵੀਡੀਓ ਵਿੱਚ ਸਮਿਥ ਨੇ ਸਾਫ਼ ਕੀਤਾ ਕਿ ਪਾਰਟੀ ਇਸ ਮੁੱਦੇ 'ਤੇ ਕਿਸੇ ਵੀ ਤਰ੍ਹਾਂ ਦੀ ਫੁੱਟ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਇਸ ਨਾਲ ਅਗਲੇ ਸਾਲ ਹੋਣ ਵਾਲੀਆਂ ਸੂਬਾਈ ਚੋਣਾਂ ਵਿੱਚ ਵਿਰੋਧੀ ਧਿਰ ਐਨ.ਡੀ.ਪੀ. ਹੱਥੋਂ ਹਾਰਨ ਦਾ ਖ਼ਤਰਾ ਵਧ ਸਕਦਾ ਹੈ। ਇਹ ਬਿਆਨ ਸੋਮਵਾਰ ਨੂੰ ਹੋਏ ਉਸ ਰੈਫਰੈਂਡਮ ਤੋਂ ਬਾਅਦ ਆਇਆ ਹੈ, ਜਿਸ ਵਿੱਚ ਅਲਬਰਟਾ ਦੇ ਲੋਕਾਂ ਨੇ ਕੈਨੇਡਾ ਨਾਲ ਰਹਿਣ ਦੇ ਪੱਖ ਵਿਚ ਵੋਟ ਪਾਈ ਸੀ।
ਪ੍ਰੀਮੀਅਰ ਸਮਿਥ ਨੇ ਕਿਹਾ ਕਿ ਹਾਲਾਂਕਿ ਉਹ ਜਾਣਦੇ ਹਨ ਕਿ ਕਈ ਯੂ.ਸੀ.ਪੀ. ਮੈਂਬਰਾਂ ਨੇ ਕਨਫੈਡਰੇਸ਼ਨ ਖ਼ਿਲਾਫ਼ ਵੋਟ ਪਾਈ ਅਤੇ ਉਹ ਉਨ੍ਹਾਂ ਪ੍ਰਤੀ ਕੋਈ ਮਾੜੀ ਭਾਵਨਾ ਨਹੀਂ ਰੱਖਦੇ ਪਰ ਵੱਖਵਾਦੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਜਨਤਾ ਨੇ ਸਰਕਾਰ ਨੂੰ ਸਪੱਸ਼ਟ ਫਤਵਾ ਦਿੱਤਾ ਹੈ ਕਿ ਕੈਨੇਡਾ ਛੱਡਣਾ ਕੋਈ ਵਿਕਲਪ ਨਹੀਂ ਹੈ।




