Jun 18, 2021 7:18 PM -

ਬੀ.ਸੀ. ਦੀ ਇੱਕ ਔਰਤ ਦਾ ਕਹਿਣਾ ਹੈ ਕਿ ਉਸ 'ਤੇ ਇੱਕ ਹਿਰਨ ਨੇ ਹਮਲਾ ਕਰ ਦਿੱਤਾ।
ਔਰਤ ਨੂੰ ਡੂੰਘੀਆਂ ਰਗੜਾਂ ਅਤੇ ਹੋਰ ਸੱਟਾਂ ਲੱਗੀਆਂ ਦੱਸੀਆਂ ਗਈਆਂ ਹਨ।
ਔਰਤ ਦਾ ਕਹਿਣਾ ਹੈ ਕਿ ਸ਼ਾਇਦ ਇਹ ਹਿਰਨ ਘਬਰਾ ਗਿਆ ਸੀ ਅਤੇ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੀੜਤ ਔਰਤ ਦਾ ਨਾਮ ਲਿਜ਼ ਰੌਇਰ ਹੈ।
ਉਸ ਦੀ ਉਮਰ 58 ਸਾਲ ਦੱਸੀ ਗਈ ਹੈ।
ਰੌਇਰ ਨੇ ਕਿਹਾ ਕਿ ਉਹ ਕਿੰਬਰਲੀ ਦੇ ਇਲਾਕੇ 'ਚ ਆਪਣੇ ਕੁੱਤੇ ਨਾਲ ਸੈਰ 'ਤੇ ਨਿਕਲੀ ਸੀ ਅਤੇ ਉਸ ਦਾ ਕੁੱਤਾ ਲੀਸ਼ ਨਾਲ ਕਾਬੂ ਕੀਤਾ ਹੋਇਆ ਸੀ।
ਪਰ ਅਚਾਨਕ ਇੱਕ ਹਿਰਨ ਝਾੜੀਆਂ ਵਿੱਚੋਂ ਉਨ੍ਹਾਂ ਦੇ ਸਾਹਮਣੇ ਆ ਗਿਆ ਅਤੇ ਹਮਲਾ ਕਰ ਦਿੱਤਾ।
ਉਸ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਸੀ ਕਿ ਉਨ੍ਹਾਂ ਦੇ ਕੁੱਤੇ ਨੇ ਵੀ ਹਿਰਨ ਨੂੰ ਉਕਸਾਇਆ ਨਹੀਂ ਸੀ।
ਔਰਤ ਨੇ ਕਿਹਾ ਕਿ ਹਮਲੇ ਕਾਰਨ ਉਸ ਦੀਆਂ ਲੱਤਾਂ, ਬਾਹਵਾਂ ਅਤੇ ਪਿੱਠ 'ਤੇ ਸੱਟਾਂ ਲੱਗਣ ਤੋਂ ਇਲਾਵਾ ਉਸ ਦੇ 'ਮਸਲ ਟੀਅਰ' ਵੀ ਹੋਏ ਹਨ।
ਉਸ ਨੇ ਕਿਹਾ ਕਿ ਘਟਨਾ ਕਾਰਨ ਉਹ ਘਬਰਾਈ ਹੋਈ ਮਹਿਸੂਸ ਕਰ ਰਹੀ ਹੈ।




