Dec 3, 2024 5:22 PM - Connect Newsroom

ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਮਾਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ 20 ਜਨਵਰੀ ਤੱਕ ਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਟਰੰਪ ਦਾ ਇਹ ਬਿਆਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ।
ਸਾਰਾ ਨੇ ਐਤਵਾਰ ਨੂੰ ਫਲੋਰੀਡਾ ਦੇ ਟਰੰਪ ਇੰਟਰਨੈਸ਼ਨਲ ਗੋਲਫ ਕੋਰਸ ਵਿਚ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਸਾਰਾ ਨੇ ਟਰੰਪ ਨਾਲ ਗਾਜ਼ਾ ਯੁੱਧ ਅਤੇ ਬੰਧਕਾਂ ਦੀ ਰਿਹਾਈ ਬਾਰੇ ਗੱਲ ਕੀਤੀ ਸੀ।
ਹਮਾਸ ਨੇ 7 ਅਕਤਬੂਰ 2023 ਨੂੰ ਇਜ਼ਰਾਇਲ ’ਤੇ ਹਮਲੇ ਦੌਰਾਨ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਇਨ੍ਹਾਂ ਵਿਚੋਂ ਕੁਝ ਦੀ ਮੌਤ ਹੋ ਚੁੱਕੀ ਹੈ, ਕੁਝ ਛੱਡੇ ਗਏ ਸਨ ਅਤੇ 100 ਦੇ ਕਰੀਬ ਅਜੇ ਵੀ ਹਮਾਸ ਦੀ ਕੈਦ ਵਿਚ ਹਨ।
ਇਜ਼ਰਾਇਲੀ ਫੌਜ ਮੁਤਾਬਕ, ਇਨ੍ਹਾਂ ਵਿਚੋਂ ਵੀ 35 ਬੰਧਕਾਂ ਦੀ ਮੌਤ ਹੋ ਗਈ ਹੈ। ਰਿਪੋਰਟਸ ਮੁਤਾਬਕ, ਡੋਨਲਡ ਟਰੰਪ ਇਸ ਹਫ਼ਤੇ ਦੇ ਅੰਤ ਵਿਚ ਪੈਰਿਸ ਜਾਣ ਦੀ ਯੋਜਨਾ ਬਣਾ ਰਹੇ ਹਨ। ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਇਹ ਟਰੰਪ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ।




