Mar 7, 2024 2:49 PM - The Canadian Press

ਅਮਰੀਕਾ ਦੀ ਨੈਸ਼ਵਿਲ ਸਿਟੀ ਵਿਚ ਸੋਮਵਾਰ ਜਹਾਜ਼ ਹਾਦਸੇ ਵਿਚ ਮਾਰੇ ਗਏ 5 ਕੈਨੇਡੀਅਨਾਂ ਦੀ ਪਛਾਣ ਕਰ ਲਈ ਗਈ ਹੈ। ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ। ਉੱਤਰੀ ਟੋਰਾਂਟੋ ਦੇ ਕਿੰਗ ਟਾਊਨਸ਼ਿਪ ਦੇ ਮੇਅਰ ਨੇ ਇਸ ਦੀ ਪੁਸ਼ਟੀ ਕੀਤੀ, ਜਿੱਥੋਂ ਦਾ ਇਹ ਪਰਿਵਾਰ ਰਹਿਣ ਵਾਲਾ ਸੀ। ਇਸ ਸਿੰਗਲ ਇੰਜਣ ਵਾਲੇ ਛੋਟੇ ਜਹਾਜ਼ ਨੇ ਓਨਟਾਰੀਓ ਤੋਂ ਉਡਾਣ ਭਰੀ ਸੀ ਜੋ ਅਮਰੀਕਾ ਦੀ ਨੈਸ਼ਵਿਲ ਸਿਟੀ ਵਿਚ ਜੌਨ ਸੀ
ਟਿਊਨ ਏਅਰਪੋਰਟ ’ਤੇ ਲੈਂਡਿੰਗ ਕਰਨ ਦੀ ਕੋਸ਼ਿਸ਼ ਤੋਂ ਪਹਿਲਾਂ ਹੀ ਇੱਕ ਹਾਈਵੇ ਕੋਲ ਜਾ ਡਿੱਗਾ ਅਤੇ ਇਸ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ 43 ਸਾਲਾ ਪਾਇਲਟ ਵਿਕਟਰ ਡੌਟਸੇਂਕੋ, ਉਸ ਦੀ 39 ਸਾਲਾ ਪਤਨੀ ਰਿਮਾ ਡੌਟਸੇਂਕੋ ਅਤੇ ਤਿੰਨ ਬੱਚੇ ਜੋ ਕਿ 7 ਤੋਂ 12 ਸਾਲ ਦੇ ਸਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।
ਕਰੈਸ਼ ਤੋਂ ਪਹਿਲਾਂ ਪਾਇਲਟ ਨੇ ਰੇਡੀਓ ਪ੍ਰਸਾਰਣ ’ਤੇ ਨੈਸ਼ਵਿਲ ਦੇ ਏਅਰ ਟ੍ਰੈਫਿਕ ਕੰਟਰੋਲਰਾਂ ਨੂੰ ਸੂਚਨਾ ਦਿੱਤੀ ਸੀ ਕਿ ਜਹਾਜ਼ ਦਾ ਇੰਜਣ ਬੰਦ ਹੋ ਗਿਆ ਹੈ ਅਤੇ ਏਅਰਪੋਰਟ ’ਤੇ ਲੈਂਡਿੰਗ ਲਈ ਚੱਕਰ ਲਗਾ ਰਿਹਾ ਹੈ।
ਅਧਿਕਾਰੀ ਨੇ ਲੈਂਡਿੰਗ ਦੀ ਮਨਜ਼ੂਰੀ ਦੇ ਦਿੱਤੀ ਅਤੇ ਰਨਵੇ ਨੂੰ ਕਲੀਅਰ ਕਰਵਾ ਦਿੱਤਾ ਪਰ ਪਾਇਲਟ ਦਾ ਕਹਿਣਾ ਸੀ ਕਿ ਜਹਾਜ਼ ਦੂਰ ਨਿਕਲ ਚੁੱਕਾ ਹੈ ਅਤੇ ਏਅਰਪੋਰਟ ’ਤੇ ਲੈਂਡਿੰਗ ਨਹੀਂ ਹੋਵੇਗੀ। ਇਸ ਦੇ ਕੁਝ ਦੇਰ ਮਗਰੋਂ ਹੀ ਇਹ ਕ੍ਰੈਸ਼ ਹੋ ਗਿਆ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗਾ ਕਿ ਇਸ ਨੇ ਓਨਟਾਰੀਓ ਤੋਂ ਕਿੱਥੋਂ ਉਡਾਣ ਭਰੀ ਸੀ।




