May 22, 2020 4:14 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਤਾਬਕ ਫੈਡਰਲ ਸਰਕਾਰ ਸੂਬਿਆਂ ਨੂੰ ਕੋਵਿਡ-19 ਦੀ ਟੈਸਟਿੰਗ, ਪਾਜ਼ੇਟਿਵ ਟੈਸਟ ਕੀਤੇ ਗਏ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਟਰੈਕਿੰਗ ਅਤੇ ਵੱਖ ਵੱਖ ਖੇਤਰਾਂ ਵਿਚਕਾਰ ਡਾਟਾ ਸਾਂਝਾ ਕਰਨ ਲਈ ਵਿੱਤੀ ਸਹਿਯੋਗ ਪ੍ਰਦਾਨ ਕਰੇਗੀ।
ਟਰੂਡੋ ਮੁਤਾਬਕ ਇਹ ਕਦਮ ਚੁੱਕਣੇ ਅਹਿਮ ਹਨ ਕਿਉਂਕਿ ਕੋਵਿਡ-19 ਕਨੇਡੀਅਨ ਲੋਕਾਂ ਲਈ ਇੱਕ ਗੰਭੀਰ ਖਤਰਾ ਬਣਿਆ ਹੋਇਆ ਹੈ ਅਤੇ ਅਰਥਵਿਵਸਥਾ ਨੂੰ ਉਦੋਂ ਤੱਕ ਮੁੜ ਠੀਕ ਨਹੀਂ ਕੀਤਾ ਜਾ ਸਕਦਾ ਜਦ ਤੱਕ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਨੋਵਲ ਕਰੋਨਾਵਾਇਰਸ ਨੂੰ ਠੱਲ ਪਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਫੈਡਰਲ ਕਾਂਟੈਕਟ ਟਰੇਸਰ ਓਨਟੈਰੀਓ ਦੇ ਵਿੱਚ ਸਿਹਤ ਅਧਿਕਾਰੀਆਂ ਨੂੰ ਸਹਿਯੋਗ ਪ੍ਰਦਾਨ ਕਰ ਰਹੇ ਹਨ ਅਤੇ ਲੋੜ ਪੈਣ ਤੇ ਇੱਕ ਦਿਨ ਵਿੱਚ ਕਈ ਹਜ਼ਾਰ ਕਾਲਾਂ ਕਰ ਸਕਦੇ ਹਨ।
ਟਰੂਡੋ ਅਨੁਸਾਰ ਔਟਵਾ ਵੱਲੋਂ ਸੂਬਿਆਂ ਨੂੰ ਟੈਸਟਾਂ ਵਾਸਤੇ ਹਰ ਤਰ੍ਹਾਂ ਦੇ ਜ਼ਰੂਰੀ ਸਾਧਨ ਉਪਲੱਬਧ ਕਰਵਾਏ ਜਾਣਗੇ।
ਕੈਨੇਡਾ ਵਿੱਚ ਇੱਕ ਦਿਨ ਵਿੱਚ 60,000 ਵਿਅਕਤੀਆਂ ਨੂੰ ਟੈਸਟ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਔਸਤ 28,000 ਵਿਅਕਤੀਆਂ ਦੇ ਟੈਸਟ ਹੀ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਫਿਲਹਾਲ ਇਹ ਪਤਾ ਲਾਉਣ ਦੇ ਯਤਨ ਕਰ ਰਹੀ ਹੈ ਕਿ ਸੂਬਿਆਂ ਨੂੰ ਕਿਸ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ।




