Aug 19, 2025 3:53 PM - The Canadian Press

ਲਿਟਨ ਵਿਚ ਪਿਛਲੇ ਹਫ਼ਤੇ ਹਾਈਵੇ 1 'ਤੇ ਹੋਏ ਜਾਨਲੇਵਾ ਹਾਦਸੇ ਦੇ ਸਬੰਧ ਵਿਚ ਪੁਲਿਸ ਵਲੋਂ ਡੈਸ਼ ਕੈਮ ਵੀਡੀਓ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਜ਼ਖਮੀ ਹੋ ਗਏ ਸਨ। ਲਿਟਨ ਆਰ.ਸੀ.ਐਮ.ਪੀ. ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ 14 ਅਗਸਤ ਨੂੰ ਸ਼ਾਮ 5 ਵਜੇ ਸਪੈਂਸਸ ਬ੍ਰਿਜ ਦੇ ਨੇੜੇ ਮੁੱਖ ਹਾਈਵੇ ਦੇ ਇੱਕ ਹਿੱਸੇ 'ਤੇ ਪੁਲਿਸ ਨੂੰ ਵਾਹਨਾਂ ਦੀ ਟੱਕਰ ਦੀ ਰਿਪੋਰਟ ਮਿਲੀ ਸੀ।
ਦੱਸਿਆ ਜਾਂਦਾ ਹੈ ਕਿ ਸਾਊਥ ਦਿਸ਼ਾ ਵੱਲ ਜਾ ਰਹੀ ਇੱਕ ਐਸ.ਯੂ.ਵੀ.ਕਥਿਤ ਤੌਰ 'ਤੇ ਸੈਂਟਰਲਾਈਨ ਤੋਂ ਟੱਪ ਗਈ ਅਤੇ ਨੌਰਥ ਵੱਲ ਜਾ ਰਹੇ ਇੱਕ ਪਿਕਅੱਪ ਟਰੱਕ ਨਾਲ ਟਕਰਾ ਗਈ। ਇਸ ਟੱਕਰ ਵਿਚ ਐਸ.ਯੂ.ਵੀ. ਵਿਚ ਸਵਾਰ ਇੱਕ ਔਰਤ ਅਤੇ ਪਿਕਅੱਪ ਟਰੱਕ ਵਿਚ ਸਵਾਰ ਇੱਕ ਆਦਮੀ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਦੋਵਾਂ ਵਾਹਨਾਂ ਦੇ ਡਰਾਈਵਰਾਂ ਸਮੇਤ ਐਸ.ਯੂ.ਵੀ. ਦੇ ਦੋ ਹੋਰ ਯਾਤਰੀ ਜ਼ਖਮੀ ਹੋ ਗਏ ਸਨ।
ਸਾਰਜੈਂਟ ਕ੍ਰਿਸ ਕਲਾਰਕ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਅਤੇ ਅਸੀਂ ਉਨ੍ਹਾਂ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹਾਂ ਜਿਸ ਨੇ ਹਾਦਸੇ ਨੂੰ ਦੇਖਿਆ ਹੈ ਜਾਂ ਜਿਸ ਕੋਲ ਡੈਸ਼ ਕੈਮ ਵੀਡੀਓ ਹੋ ਸਕਦੀ ਹੈ।




