Jun 15, 2026 5:46 PM - Connect Newsroom - Jasmine Singh with files from The Canadian Press

ਵੈਨਕੂਵਰ ਵਿਚ ਫੀਫਾ ਵਰਲਡ ਕੱਪ 2026 ਦੇ ਪਹਿਲੇ ਮੈਚ ਨੇ ਆਵਾਜਾਈ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਟਰਾਂਸਲਿੰਕ ਮੁਤਾਬਕ 13 ਜੂਨ ਨੂੰ 2010 ਵਿੰਟਰ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਸਟੇਡੀਅਮ ਈਵੈਂਟ ਵਾਲੇ ਦਿਨ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਬਲਿਕ ਟਰਾਂਜ਼ਿਟ ਦੀ ਵਰਤੋਂ ਕੀਤੀ। ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕ ਆਸਟ੍ਰੇਲੀਆ ਅਤੇ ਤੁਰਕੀ ਵਿਚਾਲੇ ਹੋਏ ਰੋਮਾਂਚਕ ਮੈਚ ਨੂੰ ਦੇਖਣ ਲਈ ਬੀ.ਸੀ. ਪਲੇਸ ਅਤੇ ਫੀਫਾ ਫੈਨ ਫੈਸਟੀਵਲ ਵਿਖੇ ਪਹੁੰਚੇ।
ਟਰਾਂਸਲਿੰਕ ਮੁਤਾਬਕ, ਸ਼ਨੀਵਾਰ ਨੂੰ ਪੂਰੇ ਰੀਜਨ ਵਿੱਚ 1.03 ਮਿਲੀਅਨ ਤੋਂ ਵੱਧ ਬੋਰਡਿੰਗ ਦਰਜ ਕੀਤੀਆਂ ਗਈਆਂ, ਜੋ ਜੂਨ ਦੇ ਇੱਕ ਆਮ ਸ਼ਨੀਵਾਰ ਮੁਕਾਬਲੇ 14 ਫੀਸਦੀ ਜ਼ਿਆਦਾ ਹਨ। ਇਸ ਤੋਂ ਇਲਾਵਾ ਲਗਭਗ 648,200 ਟੋਟਲ ਟਰਿੱਪ ਹੋਏ, ਜੋ ਕਿ ਆਮ ਮੰਗ ਨਾਲੋਂ 18 ਫੀਸਦੀ ਦਾ ਵਾਧਾ ਦਰਸਾਉਂਦੇ ਹਨ। ਬੀ.ਸੀ. ਪਲੇਸ ਨੂੰ ਸੇਵਾਵਾਂ ਦੇਣ ਵਾਲੇ ਸਟੇਸ਼ਨਾਂ ਨੇ ਆਪਣਾ ਸਭ ਤੋਂ ਵਿਅਸਤ ਸ਼ਨੀਵਾਰ ਦੇਖਿਆ, ਜਿਸਨੇ ਪਿਛਲੇ ਸਾਲ ਹੋਏ Taylor Swift ਦੇ Eras Tour ਕੰਸਰਟਸ ਅਤੇ ਲਿਓਨਲ ਮੇਸੀ ਦੀ ਮੌਜੂਦਗੀ ਵਾਲੇ ਵੈਨਕੂਵਰ ਵ੍ਹਾਈਟਕੈਪਸ ਬਨਾਮ ਇੰਟਰ ਮਿਆਮੀ ਐਫ.ਸੀ. ਦੇ ਮੈਚਾਂ ਦੇ ਰਿਕਾਰਡ ਵੀ ਪਿੱਛੇ ਛੱਡ ਦਿੱਤੇ।
ਸਕਾਈ ਟਰੇਨ ਸਿਸਟਮ ਨੇ ਆਮ ਦਿਨਾਂ ਨਾਲੋਂ 25 ਫੀਸਦੀ ਵੱਧ ਰਾਈਡਰਜ਼ ਨੂੰ ਸਫਰ ਕਰਵਾਇਆ। ਸੀਬੱਸ ਵਿੱਚ ਸਭ ਤੋਂ ਵੱਧ 37 ਫੀਸਦੀ ਅਤੇ ਸਟੈਂਡਰਡ ਬੱਸਾਂ ਦੀ ਵਰਤੋਂ ਵਿੱਚ ਵੀ 6.6 ਫੀਸਦੀ ਦਾ ਵਾਧਾ ਹੋਇਆ।




