Sep 10, 2026 6:28 PM - Connect Newsroom - Ramandeep Kaur

ਬਰਨਬੀ ਵਿਚ ਲੌਹੀਡ ਮਾਲ ਅਤੇ ਸਕਾਈਟ੍ਰੇਨ ਸਟੇਸ਼ਨ ਨੇੜੇ ਇੱਕ ਵਪਾਰਕ ਟਰੱਕ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਟਰੱਕ ਬਿਊਟੇਨ ਕੈਨਿਸਟਰ ਨਾਲ ਲੱਦਿਆ ਹੋਇਆ ਸੀ, ਜਿਸ ਵਿਚ ਧਮਾਕਾ ਹੁੰਦੇ ਹੀ ਇਹ ਚਾਰੋਂ ਪਾਸੇ ਹਵਾਈ ਗੋਲਿਆਂ ਵਾਂਗ ਉੱਡਦੇ ਹੋਏ ਦਿਖਾਈ ਦਿੱਤੇ।
ਇਹ ਹਾਦਸਾ ਬੁੱਧਵਾਰ ਸ਼ਾਮ ਕਰੀਬ 7:10 ਵਜੇ ਵਾਪਰਿਆ,ਬਰਨਬੀ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ਼ ਇਆਨ ਹੈਦਰਿੰਗਟਨ ਮੁਤਾਬਕ, ਕਰੂ ਨੂੰ ਗੈਟੀਨੋ ਪਲੇਸ ਅਤੇ ਨੌਰਥ ਰੋਡ ਵਿਖੇ ਸਥਿਤ ਇੱਕ ਆਟੋ ਰਿਪੇਅਰ ਸ਼ੌਪ ਦੀ ਪਾਰਕਿੰਗ ਲਾਟ ਵਿਚ ਇੱਕ ਵਪਾਰਕ ਕਿਊਬ ਵੈਨ ਨੂੰ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ, ਇਸ ਦੀਆਂ ਲਪਟਾਂ ਅਤੇ ਧੂੰਆਂ ਸਕਾਈਟ੍ਰੇਨ ਦੀਆਂ ਪਟੜੀਆਂ ਤੋਂ ਵੀ ਉੱਪਰ ਉੱਠ ਰਿਹਾ ਸੀ।
ਬਰਨਬੀ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ਼ ਮੁਤਾਬਕ, ਕਈ ਸਿਲੰਡਰ ਨੌਰਥ ਰੋਡ 'ਤੇ ਬਿਖਰੇ ਹੋਏ ਪਾਏ ਗਏ। ਉਹਨਾਂ ਕਿਹਾ ਕਿ ਇਸ ਘਟਨਾ ਵਿਚ ਆਟੋ ਦੀ ਦੁਕਾਨ ਦੇ ਕਾਰੋਬਾਰ ਅਤੇ ਟਰੱਕ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇੱਕ ਹੋਰ ਕਾਰ ਵੀ ਅੱਗ ਦੀ ਲਪੇਟ ਵਿਚ ਆਈ ਪਰ ਕਿਸੇ ਦੀ ਵੀ ਜ਼ਖਮੀ ਹੋਣ ਤੋਂ ਬਚਾਅ ਰਿਹਾ। ਇਸ ਵਿਚਕਾਰ ਬਰਨਬੀ ਆਰ.ਸੀ.ਐਮ.ਪੀ. ਨੇ ਪੁਸ਼ਟੀ ਕੀਤੀ ਹੈ ਕਿ ਅੱਗ ਲੱਗਣ ਦੀ ਇਸ ਘਟਨਾ ਪਿੱਛੇ ਕੋਈ ਸ਼ੱਕੀ ਕਾਰਨ ਨਹੀਂ ਸੀ।




