Jun 2, 2026 4:57 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਪ੍ਰਭੂਸੱਤਾ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਫਿਰ ਤਾਜ਼ਾ ਹਮਲਾ ਬੋਲਿਆ ਹੈ, ਜਿਸ 'ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪਲਟਵਾਰ ਕੀਤਾ ਹੈ। ਮੰਗਲਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿਚ ਫੋਰਡ ਨੇ ਲਿਖਿਆ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣੇਗਾ ਅਤੇ ਇਹ ਕੋਈ ਵਿਕਾਊ ਨਹੀਂ ਹੈ।
ਫੋਰਡ ਦਾ ਇਹ ਤਿੱਖਾ ਪ੍ਰਤੀਕਰਮ ਟਰੰਪ ਦੀ ਉਸ ਸੋਸ਼ਲ ਮੀਡੀਆ ਟਿੱਪਣੀ ਤੋਂ ਬਾਅਦ ਆਇਆ, ਜਿਸ ਵਿਚ ਉਨ੍ਹਾਂ ਬਲੂਮਬਰਗ ਦੀ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਨੂੰ 51st ਸਟੇਟ ਲਿਖਿਆ ਸੀ। ਇਸ ਖ਼ਬਰ ਵਿਚ ਕੈਨੇਡਾ ਦੇ ਤਕਨੀਕੀ ਮੰਦੀ ਵਿਚ ਜਾਣ ਦਾ ਜ਼ਿਕਰ ਸੀ। ਇਸ ਤੋਂ ਬਾਅਦ ਕੈਨੇਡਾ ਵਿਚ ਤਾਇਨਾਤ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੇ ਵੀ ਟਰੰਪ ਦੀ ਇਸ ਪੋਸਟ ਨੂੰ ਰੀਟਵੀਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਕੈਨੇਡਾ ਨੂੰ 51ਵਾਂ ਸੂਬਾ ਕਹਿਣ ਦਾ ਸਿਲਸਿਲਾ ਦਸੰਬਰ 2024 ਤੋਂ ਚੱਲ ਰਿਹਾ ਹੈ।
ਸ਼ੁਰੂਆਤ ਵਿਚ ਇਸ ਨੂੰ ਇੱਕ ਮਜ਼ਾਕ ਵਜੋਂ ਦੇਖਿਆ ਗਿਆ ਸੀ ਪਰ ਹੁਣ ਚੱਲ ਰਹੀ ਟਰੇਡ ਵਾਰ ਦਰਮਿਆਨ ਇਹ ਇੱਕ ਅਸਲੀ ਖ਼ਤਰੇ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਟਰੰਪ ਦੋਵਾਂ ਦੇਸ਼ਾਂ ਦੇ ਬਾਰਡਰ ਨੂੰ ਇੱਕ ਆਰਟੀਫੀਸ਼ੀਅਲ ਲਾਈਨ ਵੀ ਦੱਸ ਚੁੱਕੇ ਹਨ। ਫੋਰਡ ਨੇ ਟਰੰਪ ਨੂੰ ਘੇਰਦਿਆਂ ਇਹ ਵੀ ਤੰਜ ਕੱਸਿਆ ਕਿ ਅਪ੍ਰੈਲ ਵਿਚ ਮਹਿੰਗਾਈ ਦਰ ਨੂੰ ਐਡਜਸਟ ਕਰਨ ਤੋਂ ਬਾਅਦ ਓਨਟਾਰੀਓ ਨੇ ਅਮਰੀਕਾ ਦੇ ਮੁਕਾਬਲੇ 680 ਫ਼ੀਸਦੀ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ।




